ਦੀਵਾਲੀ ਵਾਲੇ ਦਿਨ ਹੀ ਬੰਦੀ ਛੋੜ੍ਹ ਦਿਵਸ ਮਨਾਉਣ ਵਾਲਿਆਂ ਨੂੰ ਇੱਕ ਸਵਾਲ
ਦੀਵਾਲੀ ਵਾਲੇ ਦਿਨ ਹੀ ਬੰਦੀ ਛੋੜ੍ਹ ਦਿਵਸ ਮਨਾਉਣ ਵਾਲਿਆਂ ਸਿੱਖਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ (ਜੱਥੇਦਾਰਾਂ) ਨੂੰ ਇੱਕ ਸਵਾਲ :
ਕੀ ਉਹ ਦੱਸਣਗੇ ਕਿ ਇਸ ਦੀਵਾਲੀ ਦੇ ਤਿਉਹਾਰ ਨਾਲ ਸਿੱਖਾਂ ਦਾ ਸੰਬੰਧ ਕਿਵੇਂ ਹੈ ??
ਅਸਲ ਘਟਨਾ ਕ੍ਰਮ ਇੰਝ ਵਾਪਰਿਆ :—
ਸੰਨ 1604 ਵਿੱਚ ਗੁਰੂ ਦੀ ਬਾਣੀ ਦੀ ਪੋਥੀ ਸਾਹਿਬ ਦੀ ਰਚਨਾ ਹੋਣ ਤੋਂ ਬਾਅਦ ਸਮਕਾਲੀ ਪੁਜਾਰੀ ਲਾਣਾ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਵਿਚਾਰਧਾਰਾ ਦੇ ਸਰਪ੍ਰਸਤਾਂ ਖ਼ਿਲਾਫ਼ ਡਾਢਾ ਸਰਗਰਮ ਹੋ ਗਿਆ ਸੀ।
ਉਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ 16 ਜੂਨ ਸੰਨ 1606 ਨੂੰ ਜਹਾਂਗੀਰ ਹੱਥੋਂ ਸ਼ਹੀਦ (ਕਤਲ) ਕਰਵਾ ਚੁੱਕਿਆ ਸੀ ਤੇ ਉਹਨਾਂ ਦੇ ਵਾਰਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਖ਼ਿਲਾਫ਼ ਲਗਾਤਾਰ ਸ਼ਿਕਾਇਤਾਂ ਦਿੱਲੀ ਭੇਜ ਰਿਹਾ ਸੀ ਜਿਸਦੇ ਨਤੀਜੇ ਵਜੋਂ ਜਨਵਰੀ, ਸੰਨ 1613 ਵਿੱਚ ਚੰਦ੍ਰਾਵਲ ਪਿੰਡ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਹੋਇਆ ਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਨਵਰੀ, ਸੰਨ 1613 ਵਿੱਚ ਹੀ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ‘ਚ ਕੈਦ ਕਰ ਦਿੱਤਾ ਗਿਆ। ਉਹ ਉੱਥੇ ਤਕਰੀਬਨ ਅੱਠ ਸਾਲ ਕੈਦ ਵਿੱਚ ਰਹੇ। ਉਹਨਾਂ ਨੂੰ ਸੰਨ 1620 ਦੇ ਨਵੰਬਰ ਮਹੀਨੇ ਦੇ ਅਖੀਰ ਵਿੱਚ ਓਥੋਂ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਕੀਤਾ ਗਿਆ ਜਿਸ ਤੋਂ ਬਾਅਦ ਫਰਵਰੀ 1621 ਵਿੱਚ ਗੁਰੂ ਜੀ ਗੋਇੰਦਵਾਲ ਸਾਹਿਬ ਪਹੁੰਚਦੇ ਹਨ।
6 ਫਰਵਰੀ 1621 ਨੂੰ ਉਹ ਲਾਹੌਰ ਤੇ 8 ਫਰਵਰੀ 1621 ਨੂੰ ਕਲਾਨੌਰ ਪਹੁੰਚੇ ਸਨ 28 ਫਰਵਰੀ 1621 ਨੂੰ ਗੁਰੂ ਜੀ, ਗੁਰੂ ਕਾ ਚੱਕ, (ਅੰਮ੍ਰਿਤਸਰ) ਪਹੁੰਚੇ ਸਨ।
ਹੁਣ ਦੱਸੋ ਇਹਨਾਂ ਤਰੀਕਾਂ ਦਾ ਅਜੋਕੀ ਦੀਵਾਲੀ ਨਾਲ਼ ਕੀ ਸਬੰਧ ਬਣਦਾ ਹੈ ??
ਜੇ ਗੁਰੂ ਹਰਿਗੋਬਿੰਦ ਸਾਹਿਬ ਦਾ ਅੰਮ੍ਰਿਤਸਰ ਪਹੁੰਚਣ ਦੀ ਤਰੀਕ 28 ਫਰਵਰੀ 1621 ਬਾਰੇ ਸਾਨੂੰ ਪਤਾ ਹੈ ਜਿਸ ਤੋਂ ਪੱਕੇ ਤੌਰ ਤੇ ਤੈਅ ਕੀਤਾ ਜਾ ਸਕਦਾ ਹੈ ਕਿ ਗੁਰੂ ਜੀ ਹਰ ਸਾਲ ਅਕਤੂਬਰ / ਨਵੰਬਰ ‘ਚ ਆਉਣ ਵਾਲੀ ਦੀਵਾਲੀ ਤੋਂ ਕਾਫੀ ਸਮਾਂ ਬਾਅਦ … ਸ਼ਾਇਦ ਦਸੰਬਰ, ਜਨਵਰੀ ਦੇ ਅਖ਼ੀਰ ਜਾਂ ਫਰਵਰੀ ਦੇ ਸ਼ੁਰੂ ‘ਚ ਗਵਾਲੀਅਰ ਤੋਂ ਚੱਲੇ ਹੋਣਗੇ।
ਫਿਰ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਬੰਦੀ ਛੋੜ੍ਹ ਦਿਵਸ (ਦਿਨ) ਦੀਵਾਲ਼ੀ ਨਾਲ ਕਿਵੇਂ ਜੁੜ ਗਿਆ ?
ਇਸ ਪ੍ਰੰਪਰਾ ਨੂੰ ਸਿੱਖ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪਰ ਬਰਤਾਨੀਆਂ ਸਰਕਾਰ ਵੱਲੋਂ ਗੁਰਦੁਆਰਾ ਐਕਟ ਬਨਾਉਣ ਨਾਲ ਸਿੱਖ ਸਿਧਾਂਤ ਮਿੱਟੀ ਵਿੱਚ ਮਿਲਾਅ ਦਿੱਤੇ ਗਏ ਤੇ ਝੋਲੀਚੁੱਕ ਸਿੱਖ ਧਰਮ ਦੇ ਪ੍ਰਬੰਧਕ ਅਤੇ ਪ੍ਰਚਾਰਕ, ਸਰਕਾਰ ਤੇ ਮਹੰਤਾਂ ਦੇ ਸੰਪਰਦਾਈ ਡੇਰੇਦਾਰਾਂ ਦੇ ਪ੍ਰਭਾਵ ਹੇਠ ਸਰਕਾਰ ਦੀ ਇੱਛਾ ਅਨੁਸਾਰ ਬੰਦੀ ਛੋੜ੍ਹ ਦਿਵਸ ਦਾ ਪ੍ਰਚਾਰ ਦੀਵਾਲੀ ਵਾਲੇ ਦਿਨ ਨਾਲ ਮਿਲਾਅ ਕੇ ਕਰਦੇ ਰਹੇ ਹਨ।
ਬੱਸ ਇਹ ਸਭ ਘਾਲ੍ਹਾ ਮਾਲ੍ਹਾ ਸਾਰੇ ਸਿੱਖ ਧਰਮ ਦੀ ਅਗਵਾਈ ਕਰਨ ਵਾਲੇ ਪ੍ਰਚਾਰਕ, ਸੰਪਰਦਾਈ ਡੇਰੇਦਾਰਾਂ ਵੱਲੋਂ ਰਲ-ਮਿਲ ਕੇ ਹੀ ਤਿਆਰ ਕੀਤਾ ਗਿਆ ਹੈ ਜਿਸ ਨੂੰ ਹੁਣ ਸਮੇਂ ਦੀ ਲੋੜ੍ਹ ਨੂੰ ਮੁੱਖ ਰੱਖਦੇ ਹੋਏ ਤੁਰੰਤ ਸੁਧਾਰਨਾਂ ਚਾਹੀਦਾ ਹੈ।
ਲੇਖਕ : ਬਲਬੀਰ ਸਿੰਘ (ਅਨੰਦਪੁਰ ਸਾਹਿਬ)