Why sikhs should not celebrate diwali

ਇੱਕ ਬੇਨਤੀ: ਸਿੱਖਾਂ ਨੂੰ ਦਿਵਾਲੀ ਕਿਉਂ ਨਹੀਂ ਮਨਾਉਣੀ ਚਾਹੀਦੀ | Why Sikhs Should Not Celebrate DIWALI

ਹਰ ਸਾਲ ਜਦੋਂ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤਾਂ ਗੁਰਦੁਆਰਿਆਂ ਵਿੱਚ ਰਾਗੀ ਸਿੰਘਾਂ ਵਲੋਂ ਭਾਈ ਗੁਰਦਾਸ ਜੀ ਦੀ ਉੱਨੀਵੀਂ (੧੯ਵੀਂ) ਵਾਰ ਦੀ ਛੇਵੀਂ (੬ਵੀਂ) ਪਉੜੀ ਦਾ ਸ਼ਬਦ ਜੋ ਕਿ :

“ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ”

ਤੋਂ ਸ਼ੁਰੂ ਹੁੰਦਾ ਹੈ, ਬੜੇ ਹੀ ਉਤਸ਼ਾਹ ਨਾਲ ਪੜ੍ਹਿਆ ਜਾਂਦਾ ਹੈ । ਜਿਸ ਦੀ ਕਈ ਵਾਰ ਤਾਂ ਦੀਵਾਲੀ ਮਨਾਉਣ ਆਈ ਸੰਗਤ ਵਲੋਂ ਮੰਗ ਕੀਤੀ ਜਾਂਦੀ ਹੈ, ਤੇ ਨਹੀਂ ਤਾਂ ਰਾਗੀ ਸਿੰਘ ਆਪਣੇ ਤੌਰ ਤੇ ਹੀ ਇਹ ਸ਼ਬਦ ਦੀਵਾਲੀ ਤੋਂ ਕਈ ਦਿਨ ਪਹਲਾਂ ਸ਼ੁਰੂ ਕਰ ਦਿੰਦੇ ਹਨ, ਤੇ ਸੰਗਤ ਵੀ ਅਗਿਆਨਤਾ ਵਸ ਝੂਮ ਝੂਮ ਕੇ ਦੀਵਾਲੀ ਦੇ ਰੰਗ ਵਿੱਚ ਰੰਗੀ ਜਾਂਦੀ ਹੈ । ਜਿੰਨ੍ਹਾਂ ਦੀ ਵਾਰੀ ਦੀਵਾਲੀ ਤੋਂ ਬਾਅਦ ਵਿੱਚ ਆਉਂਦੀ ਹੈ ਉਹ ਬਾਅਦ ਵਿੱਚ ਵੀ ਇਸ ਦਾ ਗਾਇਨ ਕਰਕੇ ਆਪਣੀ ਹਾਜ਼ਰੀ ਲਵਾਉਂਦੇ ਹਨ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਇਹ ਸ਼ਬਦ ਇਸੇ ਤਰਾਂ ਗਾਇਆ ਜਾਂਦਾ ਹੈ । ਹੋਰ ਤਾਂ ਹੋਰ ਸਿਖਾਂ ਦੇ ਕਹੇ ਜਾਂਦੇ ਮੱਕੇ ਭਾਵ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ (ਜਿਥੋਂ ਦੁਨੀਆਂ ਭਰ ਵਿੱਚ ਕੀਰਤਨ ਦੀ ਲਾਈਵ ਬਰਾਡਕਾਸਟਿੰਗ ਹੁੰਦੀ ਹੈ) ਵੀ ਬਿਨਾਂ ਰੋਕ ਟੋਕ ਦੇ ਇਹ ਸ਼ਬਦ ਬੜੇ ਜੋਰ ਸ਼ੋਰ ਨਾਲ ਰਾਗੀ ਸਿੰਘਾਂ ਵਲੋਂ ਗਾਇਆ ਜਾਂਦਾ ਹੈ ।

ਬੜਾ ਦੁੱਖ ਹੁੰਦਾ ਹੈ ਇਹ ਅਨਰਥ ਹੁੰਦਾ ਦੇਖ ਕੇ । ਸੂਝ ਬੂਝ ਵਾਲੇ ਸਿੰਘ ਮਨ ਮਸੋਸ ਕੇ ਰਹਿ ਜਾਂਦੇ ਹਨ ਕਿਉਂਕਿ ਇਸ ਤਰਾਂ ਗੁਰਮਤਿ ਸਿਧਾਂਤਾਂ ਨਾਲ ਹੁੰਦੇ ਖਿਲਵਾੜ ਨੂੰ ਰੋਕਣ ਲਈ ਪ੍ਰਬੰਧਕਾਂ ਨਾਲ ਖਤੋ-ਕਿਤਾਬਤ ਕਰਨ ਤੇ ਵੀ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ ਭਾਵ ਕੋਈ ਕਾਰਵਾਈ ਨਹੀਂ ਹੁੰਦੀ । ਪਤਾ ਨਹੀਂ ਪ੍ਰਬੰਧਕਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਨੀਂਦ ਕਦੋਂ ਖੁੱਲੇਗੀ ? ਅਕਾਲ ਤਖਤ ਅਤੇ ਹੋਰ, ਘੱਟੋ ਘੱਟ ਪੰਜਾਬ ਦੇ ਜਥੇਦਾਰ ਵੀ ਪਤਾ ਨਹੀਂ ਕਦੋਂ ਤੱਕ ਸੁੱਤੇ ਰਹਿਣਗੇ ? ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਫਿਰ ਖੇਤ ਨੂੰ ਉਜੜਣ ਤੋਂ ਕੌਣ ਬਚਾ ਸਕਦਾ ਹੈ ?

ਹਰ ਵਾਰੀ ਸੋਚੀਦਾ ਹੈ ਕਿ ਅਖਬਾਰਾਂ ਵਿੱਚ ਇਸ ਬਾਰੇ ਲਿਖ ਕੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਪਰ ਆਪਣੇ ਪਿਛਲੇ ਤਜ਼ਰਬੇ ਦੇ ਆਧਾਰ ਤੇ’ (ਕਿ ਅਖਬਾਰਾਂ ਵੀ ਐਸੇ ਲੇਖ ਨਹੀਂ ਛਾਪਦੀਆਂ), ਚੁੱਪ ਹੋ ਜਾਈਦਾ ਹੈ ।

ਇਸ ਤੋਂ ਪਹਿਲਾਂ ਕਿ ਇਸ ਵਿਚਾਰ ਨੂੰ ਅੱਗੇ ਵਧਾਇਆ ਜਾਵੇ, ਆਪਾਂ ਪਹਿਲਾਂ ਇਸ ਸ਼ਬਦ ਦੇ ਅਰਥ ਦੇਖੀਏ । ਇਸ ਸ਼ਬਦ ਦਾ ਸਿਰਲੇਖ ‘ਚੱਲਣ ਜੁਗਤ’ ਹੈ ਤੇ ਇਸਦੇ ਸੰਖੇਪ ਅਰਥ ਇਸ ਤਰਾਂ ਹਨ :

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ॥ ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ ॥

ਦੀਵਾਲੀ ਵਾਲੀ ਰਾਤ ਨੂੰ ਲੋਕਾਂ ਲੋਕਾਂ ਵਲੋਨ ਦੀਵੇ ਜਗਾਏ ਜਾਂਦੇ ਹਨ ਜੋ ਥੋੜੇ ਸਮੇਂ ਵਿੱਚ ਹੀ ਬੁਝ ਜਾਂਦੇ ਹਨ ।

ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ ।

ਰਾਤ ਨੂੰ ਅਕਾਸ਼ ਵਿੱਚ ਤਾਰੇ ਚਮਕਦੇ ਹਨ ਦਿਨ ਚੜ੍ਹਨ ਤੇ ਉਹਨਾਂ ਦਾ ਖੁਰਾ ਖੋਜ ਨਹੀਂ ਲੱਭਦਾ ।

ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ ॥ ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ ॥

ਫੁੱਲਾਂ ਦੀਆਂ ਬਗੀਚੀਆਂ (ਕੁਝ ਚਿਰ ਅਚਰਜ ਖਿੜਦੀਆਂ ਹਨ ਪਰ ਝੱਟ ਹੀ ਉਹਨਾਂ ਚੋਂ) ਫੁੱਲ ਚੁਣ ਚੁਣ ਕੇ ਤੋੜ ਲਏ ਜਾਂਦੇ ਹਨ ।

ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ

ਯਾਤਰੀ ਤੀਰਥਾਂ ਤੇ ਜਾਂਦੇ (ਬੜੇ ਟੋਲਿਆਂ ਵਿੱਚ) ਅੱਖੀਂ ਦੇਖੀਂਦੇ ਹਨ (ਪਰ ਛੇਤੀ ਹੀ ਤੀਰਥਾਂ ਪੁਰ ਉਹਨਾਂ ਦਾ ਮੁਸ਼ਕ ਨਹੀਂ ਰਹਿੰਦਾ) 

ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ ॥

ਹਰੀ ਚੰਦਉਰੀ ਦੇ (ਨਗਰ) ਦਿਖਲਾਵੇ ਮਾਤ੍ਰ ਦਿਖਾ ਕੇ (ਆਪ ਹੀ) ਉਜਾੜੀਦੇ ਹਨ, ਇਸ ਪ੍ਰਕਾਰ ਜਗਤ ਥੋੜੇ ਚਿਰ ਦਾ ਅਨੰਦ ਹੈ (ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ।)

ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥

ਗੁਰਮੁਖਾਂ ਨੂੰ (ਆਤਮਕ ਅਨੰਦ ਰੂਪੀ) ਸੁਖ ਫਲ ਦੀ ਦਾਤ ਮਿਲਦੀ ਹੈ ਕਿਉਂਕਿ ਉਹ ਗੁਰੂ ਦੇ ਸ਼ਬਦ (ਉਪਦੇਸ਼) ਨੂੰ ਹਿਰਦੇ ਵਿੱਚ ਵਸਾਈ ਰੱਖਦੇ ਹਨ ।

ਸ਼ਬਦ ਦਾ ਸਾਰ ਇਹ ਹੈ ਕਿ ਦੁਨੀਆਂ ਦੇ ਸਭ ਸੁੱਖ ਇਸ ਤਰਾਂ ਥੋੜ੍ਹਚਿਰੇ ਤੇ ਨਾਸ਼ਵੰਤ ਹਨ ਜਿਵੇਂ :

੧. ਦੀਵਾਲੀ ਦੀ ਰਾਤ ਨੂੰ ਬਾਲ਼ੇ ਦੀਵੇ

੨. ਰਾਤ ਨੂੰ ਅਕਾਸ਼ ਵਿੱਚ ਦਿਸਦੇ ਤਾਰੇ

੩. ਬਗੀਚਿਆਂ ਵਿੱਚ ਖਿੜੇ ਫੁੱਲ

੪. ਤੀਰਥਾਂ/ਮੇਲਿਆਂ ਦੇ ਇਕੱਠ

੫. ਹਰਚੰਦਉਰੀ (ਮਨੋਕਲਪਿਤ ਨਗਰੀ)

ਪਰ ਅਸਲ ਤੇ ਸਦੀਵੀ ਸੁੱਖ ਵਾਹਿਗੁਰੂ ਦੀ ਯਾਦ ਤੇ ਗੁਰੂ ਦਾ ਉਪਦੇਸ਼ ਕਮਾਉਣ ਵਿੱਚ ਹੈ ।

ਹੁਣ ਆਪਾਂ ਇਹ ਵਿਚਾਰ ਕਰੀਏ ਕਿ ਇਸ ਸ਼ਬਦ ਨੂੰ ਗਾਇਨ ਕਰਨ ਵਿੱਚ ਗਲਤ ਕੀ ਹੈ ?

ਇਸ ਸਬੰਧ ਵਿੱਚ ਸੰਖੇਪ ਵਿਚਾਰ ਇਸ ਤਰਾਂ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦਾਂ ਵਿੱਚ ਹਰ ਸ਼ਬਦ ਦਾ ਕੇਂਦਰੀ ਭਾਵ ‘ਰਹਾਉ‘ ਦੀਆਂ ਤੁਕਾਂ ਵਿੱਚ ਹੁੰਦਾ ਹੈ ਤੇ ਇਸੇ ਤਰਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅਖੀਰਲੀ ਪੰਗਤੀ ਵਿੱਚ ਕੇਂਦਰੀ ਭਾਵ ਹੁੰਦਾ ਹੈ, ਜਿਸ ਨੂੰ ਧਿਆਨ ਵਿੱਚ ਰੱਖ ਕੇ ਹੀ ਸਾਰੇ ਸ਼ਬਦ ਜਾਂ ਵਾਰ ਦੇ ਅਰਥ ਕੀਤੇ ਜਾਂਦੇ ਹਨ ਨਹੀਂ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਹਨ ।

ਕੇਂਦਰੀ ਭਾਵ ਵਾਲੀ ਪੰਗਤੀ ਨੂੰ ਸਥਾਈ ਬਣਾ ਕੇ ਕੀਰਤਨ ਕਰਨ ਦਾ ਹੀ ਗੁਰਮਤਿ ਵਿੱਚ ਵਿਧਾਨ ਹੈ ਭਾਵ ਕਿ ਜੋ ਗੱਲ ਗੁਰੂ ਸਾਹਿਬ ਜਾਂ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਹਨ ਉਹ ਗੁਰਬਾਣੀ ਵਿੱਚ ਰਹਾਉ ਦੀਆਂ ਪੰਗਤੀਆਂ ਵਿੱਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅਖੀਰਲੀਆਂ ਪੰਗਤੀਆਂ ਵਿੱਚ ਹੁੰਦੀ ਹੈ। ਭਾਵੇਂ ਕਿ ਇਸ ਵਿਧਾਨ ਦੀ ਉਲੰਘਣਾ ਆਮ ਹੀ ਕੀਤੀ ਜਾਂਦੀ ਹੈ ਪਰ ਇਸ ਸਬੰਧੀ ਵਿਚਾਰ ਆਪਾਂ ਕਿਸੇ ਹੋਰ ਮੌਕੇ ਕਰਾਂਗੇ । ਅੱਜ ਕੇਵਲ ਦੀਵਾਲੀ ਸਬੰਧੀ ਹੀ ਵਿਚਾਰ ਕਰਾਂਗੇ ।

ਇਸ ਵਾਰ ਦੀਵਾਲੀ ਤੋਂ ਕੁਛ ਦਿਨ ਪਹਿਲਾਂ ਮੇਰੇ ਇੱਕ ਸੰਗੀਤ ਅਧਿਆਪਕ (music teacher) ਦੋਸਤ ਦਾ ਫੋਨ ਆਇਆ ਤੇ ਕਹਿਣ ਲੱਗਾ ਕਿ ਸਾਡੇ ਸਕੂਲ ਦੇ ਪ੍ਰਿਸੀਪਲ ਨੇ ਦੀਵਾਲੀ ਤੇ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ‘ ਸ਼ਬਦ ਦਾ ਗਾਇਨ ਕਰਨ ਲਈ ਕਿਹਾ ਹੈ ਤੁਸੀਂ ਕਦੇ ਇਹ ਸ਼ਬਦ ਗਾਇਆ ਹੈ ਤਾਂ ਮੈਨੂੰ ਕ੍ਰਿਪਾ ਕਰਕੇ ਸੁਣਾਉ ।

ਮੈਂ ਉਸਨੂੰ ਕਿਹਾ ਕਿ ਜਦੋਂ ਤੱਕ ਸੋਝੀ ਨਹੀਂ ਸੀ ਉਦੋਂ ਤੱਕ ਦੀਵਾਲੀ ਬੜੀ ਧੂਮ ਧਾਮ ਨਾਲ ਮਨਾਉਂਦੇ ਰਹੇ ਹਾਂ ਪਰ ਹੁਣ ਮੈਂ ਦੀਵਾਲੀ ਮਨਾਉਂਦਾ ਹੀ ਨਹੀਂ ਕਿਉਂਕਿ ਸਿੱਖਾਂ ਦਾ ਇਸ ਤਿਉਹਾਰ ਨਾਲ ਕੋਈ ਸਬੰਧ ਨਹੀਂ । ਉਹ ਹੈਰਾਨ ਹੋ ਕੇ ਕਹਿਣ ਲੱਗਾ ਕਿ ?

ਕਿਉਂ ਕੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਇਸ ਦਿਨ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਛੁਡਾ ਕੇ ਅਮ੍ਰਿਤਸਰ ਨਹੀਂ ਪਹੁੰਚੇ ਸਨ ਤੇ ਉਸ ਦੀ ਖੁਸ਼ੀ ਵਿੱਚ ਸਿੱਖਾਂ ਨੇ ਦੀਪਮਾਲਾ ਕਰਕੇ ਦੀਵਾਲੀ ਨਹੀਂ ਸੀ ਮਨਾਈ ? 

ਮੈਂ ਉਸਨੂੰ ਦੱਸਿਆ ਕਿ ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਅਮ੍ਰਿਤਸਰ ਦੀਵਾਲੀ ਵਾਲੇ ਦਿਨ ਨਹੀਂ ਬਲਕਿ ੨੮ ਦਸੰਬਰ ੧੬੨੦ ਦੇ ਦਿਨ ਪੁੱਜੇ ਸਨ । ੧੬੩੫ ਵਿੱਚ ਉਹ ਕੀਰਤਪੁਰ ਸਾਹਿਬ ਚਲੇ ਗਏ ਸਨ ਅਤੇ ੧੬੯੬ ਤੱਕ ਅਮ੍ਰਿਤਸਰ ਤੇ ਪ੍ਰਿਥੀ ਚੰਦ ਦੀ ਔਲਾਦ ਦਾ ਭਾਵ ਕਿ ਮੀਣਿਆਂ ਦਾ ਕਬਜ਼ਾ ਰਿਹਾ

ਉਹਨਾਂ ਨੇ ਗੁਰੂ ਸਾਹਿਬ ਦੀ ਰਿਹਾਈ ਦੀ ਖੁਸ਼ੀ ਵਿੱਚ ਦੀਵਾਲੀ ਹਰਗਿਜ਼ ਨਹੀਂ ਮਨਾਈ ਹੋਵੇਗੀ । ਹਾਂ ਹਿੰਦੂਆਂ ਦੇ ਤਿਉਹਾਰ ਕਰਕੇ ਭਾਵੇਂ ਮਨਾਈ ਹੋਵੇ ਪਰ ਗੁਰੂ ਸਾਹਿਬ ਦੀ ਰਿਹਾਈ ਦੀ ਖੁਸ਼ੀ ਵਿੱਚ ਬਿਲਕੁਲ ਨਹੀਂ । ਜੋ ਇਹ ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਦੀ ਸ਼ਹੀਦੀ ਦੀਵਾਲੀ ਮਨਾਉਣ ਕਰਕੇ ਹੋਈ ਤਾਂ ਉਸ ਦੇ ਸਬੰਧ ਵਿੱਚ ਵਿਚਾਰ ਇਸ ਤਰਾਂ ਹੈ ਕਿ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਸਾਲ ਵਿੱਚ ਤਿੰਨ ਵਾਰ ਇਕੱਠ ਕਰਨੇ ਸ਼ੁਰੂ ਕੀਤੇ ਸਨ । ਇਹ ਦਿਨ ਸਨ :

ਪਹਿਲੀ ਮਾਘ, ਪਹਿਲੀ ਵਿਸਾਖ ਅਤੇ ਕੱਤਕ ਵਦੀ ੩੦ (ਦੀਵਾਲੀ) ।

ਉਹਨਾਂ ਨੇ ਇਹ ਦਿਨ ਇਸ ਕਰਕੇ ਚੁਣੇ ਸਨ ਕਿ ਇਹਨਾਂ ਦਿਨਾਂ ਦਾ ਲੋਕਾਂ ਨੂੰ ਆਸਾਨੀ ਨਾਲ ਪਤਾ ਲੱਗ ਸਕਦਾ ਸੀ । ਅਠਾਰਵੀਂ ਸਦੀ ਵਿੱਚ ਸਾਲ ਵਿੱਚ ਦੋ ਵਾਰ, ਵਿਸਾਖੀ ਅਤੇ ਦਿਵਾਲੀ ਦੇ ਦਿਨ ਸਿਖ ਅਮ੍ਰਿਤਸਰ ਪਹੁੰਚਿਆ ਕਰਦੇ ਸਨ ਤੇ ਸਰਬੱਤ ਖਾਲਸਾ ਦਾ ਇਕੱਠ ਕਰਦੇ ਸਨ ਨਾ ਕਿ ਵਿਸਾਖੀ ਜਾਂ ਦਿਵਾਲੀ ਦੇ ਤਿਉਹਾਰ ਮਨਾਉਣ ਲਈ । ਕਿਉਂਕਿ ਸਿੰਘ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਸਨ ਤੇ ਇਹ ਦਿਨ ਮਸ਼ਹੂਰ ਹੋਣ ਕਰਕੇ ਸਹਿਜੇ ਹੀ ਪਤਾ ਲੱਗ ਜਾਂਦਾ ਸੀ ।

ਚਲੋ ਜੇ ਇਹ ਮੰਨ ਵੀ ਲਈਏ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਦਿਨ ਰਿਹਾ ਹੋ ਕੇ ਆਏ ਸਨ ਤਾਂ

ਗੁਰੂ ਨਾਨਕ ਸਾਹਿਬ ਜੀ ਵੀ ਬਾਬਰ ਦੀ ਕੈਦ ਵਿੱਚੋਂ ਰਿਹਾ ਹੋਏ ਸਨ ਉਸ ਦਿਨ ਨੂੰ ਕਿਉਂ ਨੀ ਮਨਾਇਆ ਜਾਂਦਾ ?

ਕੀ ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ ਗੁਰੂ ਨਾਨਕ ਸਾਹਿਬ ਅਤੇ ਹੋਰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਨਾਲੋਂ ਵੀ ਮਹੱਤਵਪੂਰਨ ਹੋ ਗਈ । ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ਕਿ :

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ….

ਕੀ ਐਸੇ ਮਹਾਨ ਦਿਹਾੜੇ ਨੂੰ ਜਿਸ ਦਿਨ ਸਿੱਖ ਧਰਮ ਦੇ ਬਾਨੀ ਦਾ ਪ੍ਰਕਾਸ਼ ਹੋਇਆ ਹੋਵੇ, ਜਿਸ ਵਰਗਾ ਪਹਿਲਾਂ ਨਾ ਸੰਸਾਰ ਤੇ ਕੋਈ ਹੋਇਆ ਹੋਵੇ ਤੇ ਨਾ ਕੋਈ ਅਗਾਂਹ ਹੋਣਾ ਹੋਵੇ, ਜਿਸ ਨੇ ਮਹਾਂ ਅਗਿਆਨ ਦੇ ਅੰਧੇਰੇ ਵਿੱਚ ਸੰਸਾਰ ਨੂੰ ਸੱਚ ਦਾ ਸੂਰਜ ਵਿਖਾਇਆ ਹੋਵੇ,

ਜਿਸ ਦੀ ਮਹਿਮਾ ਅੱਖਰਾਂ ਵਿੱਚ ਵਰਣਨ ਨਾ ਕੀਤੀ ਜਾ ਸਕੇ ਕੀ ਐਸੇ ਦਿਨ ਨੂੰ ਅਸੀਂ ਦੀਵਾਲੀ ਵਾਂਗ ਖੁਸ਼ੀ ਨਾਲ ਮਨਾਉਂਦੇ ਹਾਂ ?

ਇਸ ਮਹਾਨ ਮਹਾਨ ਦਿਨ ਨੂੰ ਅਸੀਂ ਕਿੰਨੀ ਕੁ ਦੀਪਮਾਲਾ ਕਰਦੇ ਹਾਂ ਤੇ ਕਿੰਨੀਆਂ ਕੁ ਮਠਿਆਈਆਂ ਵੰਡਦੇ ਹਾਂ ?

ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰੀ ਇਮਾਨਦਾਰੀ ਨਾਲ ਮਨ ਅੰਦਰ ਤੋਲ ਕੇ ਦੇਖੋ ਕਿ ਕਿਸ ਦਿਹਾੜੇ ਦੀ ਇਤਿਹਾਸਕ ਮਹੱਤਤਾ ਵੱਧ ਹੈ ?

ਕੀ ਸਾਨੂੰ ਇਸ ਤੋਂ ਵੱਧ ਕੁਛ ਪਤਾ ਹੁੰਦਾ ਹੈ ਕਿ ਅੱਜ ਦੇ ਦਿਨ ਗੁਰੂ ਹਰਿਗੋਬਿੰਦ ਜੀ ਰਿਹਾ ਹੋ ਕੇ ਆਏ ਸਨ ?

ਨਾਲੇ ਗੁਰਮਤਿ ਅਨੁਸਾਰ ਕਿਸੇ ਇਤਿਹਾਸਕ ਸਿੱਖ ਦਿਹਾੜੇ ਨੂੰ ਮਨਾਉਣ ਲਈ ਗੁਰਦੁਅਰਾ ਸਾਹਿਬ ਵਿੱਚ ਦੀਵਾਨ ਸਜਦੇ ਹਨ ਤੇ ਕਥਾ-ਕੀਰਤਨ ਆਦਿ ਹੁੰਦੇ ਹਨ । ਭਾਈ ਗੁਰਦਾਸ ਜੀ ਫੁਰਮਾਉਂਦੇ ਹਨ ਕਿ ਮੈਂ ਉਹਨਾਂ ਗੁਰਸਿਖਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਪ੍ਰੇਮ ਤੇ ਸ਼ਰਧਾ ਨਾਲ ਗੁਰਪੁਰਬ ਆਦਿਕ ਮਨਾਉਂਦੇ ਹਨ :

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ ॥

ਪਰ ਕੀ ਦੀਵਾਲੀ ਵਾਲੇ ਦਿਨ ਸਾਡੇ ਮਨ ਦੀ ਅਵਸਥਾ ਗੁਰਪੁਰਬ ਆਦਿਕ ਵਾਲੇ ਦਿਨ ਵਾਂਗ ਹੁੰਦੀ ਹੈ ?

ਮੇਰਾ ਖਿਆਲ ਹੈ ਕਿ ਜੇ ਈਮਾਨਦਾਰੀ ਨਾਲ ਜਵਾਬ ਦੇਈਏ ਤਾਂ ਸਾਡਾ ਜਵਾਬ ਨਾਂਹ ਵਿੱਚ ਹੋਵੇਗਾ ਬਲਕਿ ਦੀਵਾਲੀ ਵਾਲੇ ਦਿਨ ਇੱਕ ਵੱਖਰਾ ਹਰਸ਼ੋ ਉਲਾਸ ਸਾਡੇ ਅੰਦਰ ਹੁੰਦਾ ਹੈ ਜੋ ਕਿ ਗੁਰਪੁਰਬ ਨੂੰ ਨਹੀਂ ਹੁੰਦਾ । ਦੀਵਾਲੀ ਵਾਲੇ ਦਿਨ ਕੁਛ ਕੁ ਮੋਮਬੱਤੀਆਂ ਜਾਂ ਦੀਵੇ ਗੁਰਦੁਆਰੇ ਜਾ ਕੇ ਜਗਾ ਕੇ ਜਾਂ ਕੁਛ ਕੁ ਮਠਿਆਈ ਰੱਖ ਕੇ ਮੱਥਾ ਟੇਕ ਕੇ ਘਰ ਆ ਜਾਂਦੇ ਹਾਂ ।

ਕੀ ਅਸੀਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ਤੇ ਗੁਰਦੁਆਰੇ ਮਠਿਆਈ ਲੈ ਕੇ ਜਾਂਦੇ ਹਾਂ ਜਾਂ ਦੀਵੇ ਜਗਾਉਂਦੇ ਹਾਂ ?

ਸਾਡੇ ਗੁਰਪੁਰਬ ਜਾਂ ਇਤਿਹਾਸਕ ਦਿਹਾੜੇ ਮਨਾਏ ਵੀ ਤਾਂ ਹੀ ਸਫ਼ਲ ਨੇ ਜੇਕਰ ਗੁਰੂ ਉਪਦੇਸ਼ਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਦਾ ਉੱਦਮ ਕੀਤਾ ਜਾਵੇ । ਇੱਕ ਕਹਾਵਤ वै :

ਸਦਾ ਦੀਵਾਲੀ ਸਾਧ ਕੀ ਚੱਤੋ ਪਹਿਰ ਬਸੰਤ

ਭਾਵ ਗੁਰਮੁਖ ਜਨ ਗੁਰੂ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਹਨ ਅਤੇ ਉਹਨਾਂ ਲਈ ਕੋਈ ਵੀ ਦਿਨ ਘੱਟ ਵੱਧ ਮਹੱਵਪੂਰਨ (special) ਨਹੀਂ ਹੁੰਦਾ। ਉਹ ਹਮੇਸ਼ਾਂ ਪ੍ਰਭੂ ਦੀ ਯਾਦ ਵਿੱਚ ਰਹਿ ਕੇ ਆਦਰਸ਼ਕ ਜੀਵਨ ਬਤੀਤ ਕਰਦੇ ਹਨ ਅਤੇ ਸਦਾ ਖੇੜੇ ਵਿੱਚ ਰਹਿੰਦੇ ਹਨ ।

ਗੁਰੂ ਸਾਹਿਬ ਵੀ ਫੁਰਮਾਨ ਕਰਦੇ ਹਨ ਕਿ ਉਹੀ ਦਿਨ ਸੋਹਣਾ ਕਿਹਾ ਜਾ ਸਕਦਾ ਹੈ ਜੋ ਪ੍ਰਭੂ ਦੀ ਯਾਦ ਵਿੱਚ ਬਤੀਤ ਹੋਵੇ ਨਹੀਂ ਤਾਂ ਹਰ ਰੁੱਤ ਫਿਟਕਾਰ ਯੋਗ ਹੈ :

ਸੋਈ ਦਿਨਸੁ ਸੁਹਾਵੜਾ ਜਿਤ ਪ੍ਰਭੁ ਆਵੈ ਚਿਤਿ ॥

ਜਿਤ ਦਿਨ ਵਿਸਰੈ ਪਾਰਬ੍ਰਹਮ ਨਾਨਕ ਫਿਟ ਭਲੇਰੀ ਰੁਤਿ ॥

ਅਸਲ ਵਿੱਚ ਸਿੱਖਾਂ ਦੀ ਦੀਵਾਲੀ ਤਾਂ ਉਸ ਦਿਨ ਹੈ ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ । ਪਰ ਉਸ ਦਿਨ ਸਾਡੇ ਮਨ ਵਿੱਚ ਉਹ ਹਰਸ਼ੋ ਉਲਾਸ ਨਹੀਂ ਹੁੰਦਾ ਜੋ ਦੀਵਾਲੀ ਵਾਲੇ ਦਿਨ ਹੁੰਦਾ ਹੈ । ਜੋ ਖਰਚ ਅਸੀਂ ਦੀਵਾਲੀ ਵਾਲੇ ਦਿਨ ਕਰਦੇ ਹਾਂ ਉਹ ਗੁਰਪੁਰਬ ਨੂੰ ਨਹੀਂ ਕਰਦੇ ।

ਸਾਡੇ ਗੁਆਂਢ ਵਿੱਚ ਕੁਛ ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਹਨ । ਮੈਂ ਨੋਟ ਕੀਤਾ ਕਿ ਉਹ ਦੀਵਾਲੀ ਵਾਲੇ ਦਿਨ ਨਾ ਤਾਂ ਦੀਪਮਾਲਾ ਕਰਦੇ ਹਨ ਅਤੇ ਨਾ ਹੀ ਹੋਰ ਕੁਛ ਸਪੈਸ਼ਲ ਭਾਵ ਕਿ ਉਹ ਦੀਵਾਲੀ ਨਹੀਂ ਮਨਾਉਂਦੇ ਪਰ ਕ੍ਰਿਸਮਸ ਵਾਲੇ ਦਿਨ ਈਸਾਈ ਭਾਈਚਾਰੇ ਦੇ ਲੋਕ ਅਤੇ ਈਦ ਵਾਲੇ ਦਿਨ ਮੁਸਲਿਮ ਭਾਈਚਾਰੇ ਵਾਲੇ ਦੀਵਾਲੀ ਵਾਂਗ ਦੀਪਮਾਲਾ ਵੀ ਕਰਦੇ ਹਨ ਅਤੇ ਹੋਰ ਵੀ ਹਰ ਤਰਾਂ ਨਾਲ ਖੁਸ਼ੀ ਮਨਾਉਂਦੇ ਹਨ ।

ਇਨ੍ਹਾਂ ਭਾਈਚਾਰਿਆਂ ਦੇ ਥੋੜੇ ਜਿਹੇ ਘਰ ਹੋਣ ਦੇ ਬਾਵਯੂਦ ਇਹਨਾਂ ਨੇ ਆਪਣੀ ਅਲੱਗ ਪਹਿਚਾਣ ਬਣਾ ਕੇ ਰੱਖੀ ਹੋਈ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਹਿੰਦੂ ਸਿੱਖ ਜਾਂ ਹੋਰ ਭਾਈਚਾਰਿਆਂ ਨਾਲ ਨਫ਼ਰਤ ਕਰਦੇ ਹਨ । ਹੋਰ ਵੀ ਸੁਆਦਲੀ ਗੱਲ ਇਹ ਹੈ ਕਿ ਇਹ ਈਸਾਈ ਭਾਈਚਾਰੇ ਦੇ ਲੋਕ ਤਾਂ ਪੰਜਾਬੀ-ਭਾਰਤੀ ਮੂਲ ਦੇ ਲੋਕ ਹਨ ਜੋ ਹਿੰਦੂ ਆਦਿਕ ਧਰਮਾਂ ਤੋਂ ਬਦਲ ਕੇ ਈਸਾਈ ਬਣੇ ਹਨ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਇਦ ਉਹੀ ਲੋਕ ਹਨ ਜਿਹੜੇ ਭਾਰਤ ਉਤੇ ਬਾਹਰੋਂ ਆਏ ਮੁਸਲਿਮ ਸ਼ਾਸਕਾਂ ਵਲੋਂ ਭਾਰਤ ਦੀ ਗੁਲਾਮੀ ਅਧੀਨ ਅਪਣਾ ਧਰਮ ਬਦਲ ਕੇ ਮੁਸਲਮਾਨ ਬਣੇ, ਜਿਨ੍ਹਾਂ ਦੇ ਬਜ਼ੁਰਗ ਦੀਵਾਲੀ ਬੜੇ ਉਤਸ਼ਾਹ ਨਾਲ ਮਨਾਉਂਦੇ ਰਹੇ ਹੋਣਗੇ ।

ਦੂਜੇ ਪਾਸੇ ਸਿੱਖਾਂ ਦੀ ਭਰਪੂਰ ਗਿਣਤੀ ਹੋਣ ਦੇ ਬਾਵਯੂਦ ਵੀ ਆਨਮੱਤੀਆਂ ਦਾ ਪ੍ਰਭਾਵ ਬਹੁਤ ਹੈ । ਅਖੌਤੀ ਧਰਮ ਨਿਰਪੱਖਤਾ (secularism) ਦਾ ਨਾਮ ਵਰਤ ਕੇ ਅਸੀਂ ਅਛੋਪਲੇ ਹੀ ਆਪਣੀ ਵੱਖਰੀ ਹਸਤੀ ਨੂੰ ਮਿਟਾਉਣ ਦਾ ਗੁਨਾਹ ਕਰ ਰਹੇ ਹਾਂ ਜਿਸਦਾ ਵੱਡਾ ਖ਼ਮਿਆਜ਼ਾ ਅਸੀਂ ਪਤਿਤਪੁਣੇ ਦੇ ਰੂਪ ਵਿੱਚ ਭੁਗਤ ਰਹੇ ਹਾਂ ਅਤੇ ਭਵਿੱਖ ਵਿੱਚ ਕੀ ਹੋਵੇਗਾ ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ।

ਅਸਲ ਵਿੱਚ ਸਾਨੂੰ ਧਰਮ ਨਿਰਪੱਖਤਾ ਦੇ ਮਾਇਨੇ ਹੀ ਪਤਾ ਨਹੀਂ ਹਨ । ਆਨਮਤੀਆਂ ਦੇ ਨਾਲ ਰਲ ਕੇ ਆਪਣੇ ਧਰਮ ਦੇ ਅਕੀਦਿਆਂ ਨੂੰ ਪਿੱਠ ਦੇਕੇ ਉਹਨਾਂ ਦੀ ਝੂਠੀ ਖੁਸ਼ੀ ਲੈਣ ਲਈ ਆਪਣੇ ਆਪ ਨੂੰ ਧਰਮ ਨਿਰਪੱਖ ਅਖਵਾਉਣ ਦਾ ਭਰਮ ਪਾਲ ਕੇ ਖੁਸ਼ ਹੋਣਾ ਦੋ ਬੇੜੀਆਂ ਵਿੱਚ ਪੈਰ ਰੱਖਣਾ ਹੈ ਜਿਸ ਬਾਰੇ ਕਹਾਵਤ ਹੈ ਕਿ ‘ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਲਗਦਾ ਜਾਂ ਹਮੇਸ਼ਾਂ ਡੁੱਬਦਾ ਹੈ’

ਅਸਲ ਧਰਮ ਨਿਰਪੱਖਤਾ ਇਹ ਹੈ ਕਿ ਆਪਣੇ ਅਕੀਦੇ ਵਿੱਚ ਪ੍ਰਪੱਕ ਰਹਿੰਦੇ ਹੋਏ ਦੂਜੇ ਭਾਈਚਾਰਿਆਂ ਨਾਲ ਵਿਚਾਰਧਾਰਕ ਮਤਭੇਦ ਹੁੰਦੇ ਹੋਏ ਵੀ ਪਿਆਰ ਭਾਵ ਨਾਲ ਵਰਤਣਾ । ਕਈ ਲੋਕ ਇਸ ਨੂੰ ਕੱਟੜਤਾ ਕਹਿੰਦੇ ਹਨ ਪਰ ਕੱਟੜਤਾ ਉਹ ਹੁੰਦੀ ਹੈ ਕਿ ਜੋ ਮੈਂ ਕਰ ਰਿਹਾ ਹਾਂ ਉਹ ਹੀ ਸਾਰੇ ਕਰਨ ਤੇ ਜੇ ਮੇਰੇ ਕੋਲ ਰਾਜਸੀ ਤਾਕਤ ਹੈ ਤਾਂ ਮੈਂ ਉਸ ਤਾਕਤ ਨੂੰ ਵਰਤ ਕੇ ਹੋਰ ਧਰਮ ਵਾਲਿਆਂ ਨੂੰ ਵੀ ਆਪਣੇ ਅਕੀਦੇ ਅਨੁਸਾਰ ਚੱਲਣ ਲਈ ਮਜ਼ਬੂਰ ਕਰਾਂ । ਜੇ ਸੱਚ ਕਹਿਣਾ ਕੱਟੜਤਾ ਹੈ ਫਿਰ ਤਾਂ ਸਭ ਤੋਂ ਵੱਧ ਕੱਟੜ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਸਨ ਜਿਨ੍ਹਾਂ ਨੇ ਕਹਿ ਦਿੱਤਾ :

ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ-੮੭੫)

ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ-੯੫੩)

ਗੁਰੂ ਨਾਨਕ ਸਾਹਿਬ ਜੀ ਨੇ ਸਦੀਆਂ ਤੋਂ ਚੱਲੀ ਆ ਰਹੀ ਜਨੇਊ ਦੀ ਪ੍ਰੰਪਰਾ ਤੋਂ ਨਾਂਹ ਕਰ ਦਿੱਤੀ ਉਹ ਵੀ ਸਭ ਰਿਸ਼ਤੇਦਾਰਾਂ ਆਦਿਕ ਦੇ ਵੱਡੇ ਇਕੱਠ ਦੇ ਸਾਹਮਣੇ । ਸੋ ਸੱਚ ਬੋਲਣ ਨੂੰ ਕੱਟੜਤਾ ਕਹਿਣਾ ਵੀ ਅਗਿਆਨਤਾ ਹੀ ਹੈ ।

ਦੋਸਤ ਨੇ ਸਵਾਲ ਕੀਤਾ ਕਿ ਤੁਸੀਂ ਇਕੱਲੇ ਹੀ ਸਭ ਤੋਂ ਨਿਰਾਲੀਆਂ ਗੱਲਾਂ ਕਰਦੇ ਹੋ ਅਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਰਾਗੀ ਸਿੰਘਾਂ ਨੂੰ ਦੀਵਾਲੀ ਵਾਲੇ ਦਿਨ ਇਹ ਸ਼ਬਦ ਗਾਇਨ ਕਰਦੇ ਦੇਖ ਰਹੇ ਹਾਂ । ਸਾਡੇ ਸ਼ਹਿਰ ਵਿੱਚ ਇਤਿਹਾਸਕ ਗੁਰਦੁਆਰਾ ਹੈ ਜਿਥੇ ਦੀਵਾਲੀ ਵਾਲੇ ਦਿਨ ਵੀ ਲੱਖਾਂ ਲੋਕ ਆਉਂਦੇ ਹਨ ਉਥੇ ਵੀ ਵਾਰ ਵਾਰ ਇਹ ਸ਼ਬਦ ਪੜ੍ਹਿਆ ਜਾਂਦਾ ਹੈ ਕਦੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ।

ਕੀ ਲੱਖਾਂ ਲੋਕ ਝੂਠੇ ਹਨ ਤੇ ਤੁਸੀਂ ਇਕੱਲੇ ਹੀ ਸੱਚੇ ਹੋ ?

ਦਾਸ ਨੇ ਕਿਹਾ ਕਿ ਹਰਿਦੁਆਰ ਲੱਖਾਂ ਲੋਕੀ (ਉਹ ਵੀ ੫੦੦ ਸਾਲ ਪਹਿਲਾਂ) ਸੂਰਜ/ਪਿਤਰਾਂ ਨੂੰ ਪਾਣੀ ਦੇ ਰਹੇ ਸਨ ਪੂਰਬ ਵੱਲ ਮੂੰਹ ਕਰਕੇ ਪਰ ਗੁਰੂ ਨਾਨਕ ਸਾਹਿਬ ਇਕੱਲੇ ਹੀ ਪੱਛਮ ਵੱਲ ਪਾਣੀ ਦੇਣ ਲੱਗ ਪਏ ਮੈਂ ਵਿਸਤਾਰ ਵਿੱਚ ਨਹੀਂ ਜਾਂਦਾ ਕਿਉਂਕਿ ਸਾਖੀ ਤੁਸੀਂ ਹਜ਼ਾਰਾਂ ਵਾਰ ਸੁਣੀ ਹੋਣੀ ਆ ।

ਪਰ ਦੱਸੋ ਕਿ ਲੱਖਾਂ ਲੋਕ ਸੱਚੇ ਸਨ ਕਿ ਗੁਰੂ ਨਾਨਕ ਸਾਹਿਬ ?

ਦੋਸਤ ਵਿਚਾਰਾ ਨਿਮੋਝੂਣਾ ਹੋ ਕੇ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਸੱਚੇ ਸਨ ।

ਦਾਸ ਨੇ ਕਿਹਾ ਕਿ ਅੱਜ ਇੱਕੀਵੀਂ ਸਦੀ ਵਿੱਚ ਵੀ ਸਾਡੀ ਸੋਚ ਉਸ ਪੰਦਰਵੀਂ ਸਦੀ ਦੇ ਲੋਕਾਂ ਨਾਲੋਂ ਨੀਵੀਂ ਹੈ ਕਿਉਂਕਿ ਉਸ ਵੇਲੇ ਲੋਕ ਗੁਰੂ ਨਾਨਕ ਸਾਹਿਬ ਵਲੋਂ ਪੱਛਮ ਵੱਲ ਪਾਣੀ ਸੁੱਟਣ ਤੇ ਪਹਿਲਾਂ ਤਾਂ ਬਹੁਤ ਹੱਸੇ ਤੇ ਮਖੌਲ ਉਡਾਉਣ ਲੱਗੇ ਪਰ ਜਦੋਂ ਗੁਰੂ ਸਾਹਿਬ ਕੋਲੋਂ ਸੱਚ ਸੁਣਿਆਂ ਤਾਂ ਚੁੱਪ ਹੋ ਗਏ । ਕੁਛ ਲੋਕ ਤਾਂ ਗੁਰੂ ਸਾਹਿਬ ਦੇ ਕਾਇਲ ਹੋਕੇ ਸਿੱਖ ਬਣ ਗਏ ਪਰ ਬਹੁਗਿਣਤੀ ਲੋਕ ਭੇਡਾਂ ਵਾਂਗ ਤੇ ਸਾਡੇ ਵਾਂਗ ਆਪਣੇ ਮਨ ਦੇ ਵਹਿਮ ਨੂੰ ਨਾ ਛੱਡ ਸਕੇ ਕਿਉਂਕਿ ਅਖੌਤ ਹੈ ਨਾ ਕਿ “ਜਗਤ ਕੀ ਭੇਡਾਚਾਲ ਚਲਤੇ ਕੇ ਪੀਛੈ ਚਲੈਂ” । ਭੇਡਚਾਲ ਸ਼ਬਦ ਇਸ ਕਰਕੇ ਵਰਤਿਆ ਗਿਆ ਹੈ ਕਿਉਂਕਿ ਕਹਿੰਦੇ ਨੇ ਕਿ ਜਿੱਧਰ ਨੂੰ ਇੱਕ ਭੇਡ ਚੱਲ ਪਵੇ ਸਾਰੀਆਂ ਭੇਡਾਂ ਉਸਦੇ ਪਿੱਛੇ ਹੀ ਚੱਲ ਪੈਂਦੀਆਂ ਹਨ ਭਾਵੇਂ ਅੱਗੇ ਖਾਈ ਵਿੱਚ ਹੀ ਡਿੱਗ ਪੈਣ । ਏਸੇ ਕਰਕੇ ਇੱਕ ਚੁਟਕਲਾ ਵੀ ਬਣਿਆਂ ਹੋਇਆ ਹੈ ਕਿ

“ਜੇ ੧੦੦ ਭੇਡਾਂ ਜਾਂਦੀਆਂ ਹੋਣ ਤੇ ਜੇ ਇੱਕ ਭੇਡ ਖੂਹ ਵਿੱਚ ਡਿੱਗ ਪਵੇ ਤਾਂ ਬਾਕੀ ਦੱਸੋ ਕਿੰਨੀਆਂ ਬਚੀਆਂ ?

ਇੱਕ ਸਿਆਣੇ ਨੇ ਜਵਾਬ ਦਿੱਤਾ ਕਿ ਪਿੱਛੇ ਕੋਈ ਨੀ ਬਚੀ”

ਕਿਉਂਕਿ ਜੇ ਇਕ ਖੂਹ ਵਿੱਚ ਡਿੱਗ ਪਈ ਤਾਂ ਬਾਕੀ ਵੀ ਖੂਹ ਵਿੱਚ ਡਿੱਗਣਗੀਆਂ ।

ਸਾਡੀ ਹਾਲਤ ਤਾਂ ਇਹਨਾਂ ਪੰਦਰਵੀਂ ਸਦੀ ਦੇ ਲੋਕਾਂ ਤੋਂ ਵੀ ਨਿੱਗਰੀ ਹੋਈ ਹੈ ।

ਜੇ ਕੋਈ ਰਾਗੀ ਸਿੰਘ ਆਪਣੇ ਤੌਰ ਤੇ ਦੀਵਾਲੀ ਮਨਾਉਣਾਂ ਚਾਹੁੰਦਾ ਹੋਵੇ ਤਾਂ ਉਸਦੀ ਮਰਜ਼ੀ ਹੈ ਜਿਵੇਂ ਮਰਜ਼ੀ ਮਨਮਤਿ ਕਰੇ ਪਰ ਉਸ ਨੂੰ ਇਹ ਹੱਕ ਨਹੀਂ ਕਿ ਗੁਰਬਾਣੀ ਨੂੰ ਗਲਤ ਭਾਵ ਵਿੱਚ ਪੇਸ਼ ਕਰਕੇ ਬਿਅਦਬੀ ਕਰੇ ।

ਦੇਸ਼ ਵਿਦੇਸ਼ ਦੀ ਸੰਗਤ ਨੂੰ ਬੇਨਤੀ ਹੈ ਕਿ ਐਸੇ ਅਖੌਤੀ ਰਾਗੀਆਂ ਦਾ ਬਾਈਕਾਟ ਕੀਤਾ ਜਾਵੇ ਤੇ ਉਹਨਾਂ ਦੀ ਚੰਗੀ ਪੁੱਛ ਪੜਤਾਲ ਕੀਤੀ ਜਾਵੇ ।

ਜੇ ਕੋਈ ਹੋਰ ਆਨਮਤੀ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਗਲਤ ਅਰਥਾਂ ਵਿੱਚ ਵਰਤੇ ਤਾਂ ਅਸੀਂ ਆਰ ਐਸ ਐਸ ਤੇ ਦੋਸ਼ ਮੜ੍ਹ ਦਿੰਦੇ ਹਾਂ ਤੇ ਫੇਸਬੁੱਕ ਆਦਿ ਤੇ ਲਾਹਨਤਾਂ ਪਾਉਣ ਦੀ ਹਨੇਰੀ ਲਿਆ ਦਿੰਦੇ ਹਾਂ ਪਰ ਜੇ ਰਾਗੀ ਗਾਉਣ ਤਾਂ ਨਾਲ ਝੂਮ ਝੂਮ ਕੇ ਗਾਉਂਦੇ ਹਾਂ ।

ਅਸੀਂ ਤਾਂ ਸਾਧਾਰਨ ਲੋਕ ਹਾਂ ਪਰ ਦੀਵਾਲੀ ਵਾਲੇ ਦਿਨ ਤੁਸੀਂ ਵੀ ਟੈਲੀਵਿਜ਼ਨ ਤੇ ਦੇਖਿਆ ਹੋਵੇਗਾ ਕਿ ਸਵੇਰ ਦੀ ਕਥਾ ਦੇ ਸਿਧੇ ਪ੍ਰਸਾਰਣ ਵੇਲੇ ਮੰਜੀ ਸਾਹਿਬ ਦੀਵਾਨ ਹਾਲ ਅਮ੍ਰਿਤਸਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਵੀ “ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ” ਲਿਖਿਆ ਹੁੰਦਾ ਹੈ । 

ਦੇਖੋ ਉਪਰੋਕਤ ਸ਼ਬਦ ਹੈ ਤਾਂ ਸੰਸਾਰਕ ਪਦਾਰਥਾਂ ਦੀ ਨਾਸ਼ਵਾਨਤਾ ਤੇ ਥੋੜਚਿਰੇ ਸੁਖਾਂ ਤੋਂ ਹਟ ਕੇ ਸਦੀਵੀ ਸੁੱਖ ਪ੍ਰਾਪਤ ਕਰਨ ਸਬੰਧੀ ਪਰ ਰਾਗੀ ਸਿੰਘ ਸਾਰਾ ਜ਼ੋਰ ਦੀਵੇ ਬਾਲਣ ਦਾ ਉਪਦੇਸ਼ ਦੇਣ ਤੇ ਲਾ ਦਿੰਦੇ ਹਨ । ਇੱਕ ਕਹਾਵਤ ਹੈ ਨਾ ਕਿ ਆਪ ਤਾਂ ਡੁੱਬਿਆ ਨਾਲ ਜਜਮਾਨ ਵੀ ਲੈ ਡੁੱਬਿਆ

ਇੱਕ ਹੋਰ ਅਖਾਣ ਹੈ ਕਿ ‘ਵਿਗੜੇ ਇੱਕ ਤਾਂ ਸਮਝਾਵੇ ਵਿਹੜਾ ਪਰ ਵਿਗੜੇ ਵਿਹੜਾ ਤਾਂ ਸਮਝਾਵੇ ਕਿਹੜਾ ?

ਹੁਣ ਜੇ ਸਿਖਾਂ ਦੀ ਸਿਰਮੌਰ ਸੰਸਥਾ ਦੇ ਨੱਕ ਥੱਲੇ ਵੀ ਗੁਰਬਾਣੀ ਦਾ ਘੋਰ ਨਿਰਾਦਰ ਹੁੰਦਾ ਹੋਵੇ ਤੇ ਨਾ ਤਾਂ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਤੇ ਹੋਰ ਗ੍ਰੰਥੀ ਤੇ ਨਾ ਹੀ ਅਕਾਲ ਤਖਤ ਦੇ ਜਥੇਦਾਰ ਇਸ ਦਾ ਕੋਈ ਨੋਟਿਸ ਲੈਣ ਤੇ ਗੁਰਬਾਣੀ ਦੀ ਹੋ ਰਹੀ ਇਸ ਬੇਅਦਬੀ ਨੂੰ ਰੋਕਣ ਦਾ ਕੋਈ ਉਪਰਾਲਾ ਕਰਨ ਤਾਂ ਸਿਖੀ ਦਾ ਪਤਨ ਵੱਲ ਜਾਣਾ ਨਿਸ਼ਚਿਤ ਹੈ ।

ਸੋ ਹਰ ਸਿੱਖ ਨੂੰ ਇਹ ਚਾਹੀਦਾ ਹੈ ਕਿ ਉਹ ਸੱਚ ਅਤੇ ਗੁਰਬਾਣੀ ਦਾ ਪ੍ਰਚਾਰ ਕਰੇ, ਇਸ ਲਈ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪੋਸਟ ਨੂੰ ਆਪ ਵੱਧ ਤੋਂ ਵੱਧ WhatsApp ਅਤੇ Facebook ਗਰੁੱਪਾਂ ਦੇ ਵਿਚ ਪੋਸਟ ਕਰੋ ਤਾਂ ਕਿ ਸਾਰਿਆਂ ਨੂੰ ਇਸ ਬਾਰੇ ਚਾਨਣ ਹੋ ਸਕੇ ਜੀ ਅਤੇ ਸਿੱਖੀ ਦਾ ਪ੍ਰਚਾਰ ਹੋ ਸਕੇ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਲੇਖਕ : ਬਲਬੀਰ ਸਿੰਘ ( ਅਨੰਦਪੁਰ ਸਾਹਿਬ )

Similar Posts