ਰੱਖੜੀ ਸਬੰਧੀ ਇਕੱ ਭੈਣ ਵਲੋਂ ਆਪਣੇ ਵੀਰ ਨੂੰ ਖਤ
ਮੇਰੇ ਪ੍ਰਾਣ ਪਿਆਰੇ ਵੀਰ ਜੀਉ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਪਿਆਰੇ ਵੀਰ ਜੀਉ ਆਪ ਜੀ ਨੂੰ ਇਸ ਵਾਰ ਰੱਖੜੀ ਦੀ ਥਾਂ ਕੇਵਲ ਇਹ ਖਤ ਦੇਖਕੇ ਅਤੇ ਸਤਿ ਸ੍ਰੀ ਅਕਾਲ ਦੀ ਜਗ੍ਹਾ ਇਹ ਫਤਿਹ ਪੜ੍ਹ ਕੇ ਬਹੁਤ ਹੈਰਾਨੀ ਹੋਈ ਹੋਵੇਗੀ।
ਵੀਰ ਜੀਉ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਉਦੋਂ ਤੋਂ ਹੀ ਹਰ ਸਾਲ ਰੱਖੜੀ ਵਾਲੇ ਦਿਨ ਮੈਂ ਬੜੇ ਚਾਅ ਮਲਾਰ ਨਾਲ ਤੁਹਾਨੂੰ ਰੱਖੜੀ ਬੰਨਦੀ / ਭੇਜਦੀ ਆਈ ਹਾਂ ਭਾਵੇਂ ਕਿ ਪਿਤਾ ਜੀ ਨੇ ਹਮੇਸ਼ਾਂ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਆਨਮਤੀ ਤਿਉਹਾਰਾਂ ਦਾ ਸਿੱਖੀ/ ਗੁਰਮਤਿ ਨਾਲ ਦੂਰ ਦਾ ਵੀ ਸਬੰਧ ਨਹੀਂ।
ਪਰ ਮਾਤਾ ਜੀ ਦੇ ਆਸਰੇ (support) ਸਦਕਾ ਅਸੀਂ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਾਂ ਅਤੇ ਪਿਤਾ ਜੀ ਦੇ ਅਨਮੋਲ ਅਤੇ ਬਾਦਲੀਲ ਵਿਚਾਰਾਂ ਨੂੰ ਕਦੇ ਅਹਿਮੀਅਤ ਨਹੀਂ ਦਿੱਤੀ ਬਲਕਿ ਇਹ ਕਹਿ ਕੇ ਉਹਨਾਂ ਦਾ ਨਿਰਾਦਰ ਕਰਦੇ ਰਹੇ ਕਿ ਉਹਨਾਂ ਦੀ ਤਾਂ ਐਵੇਂ ਬੋਲਣ ਦੀ ਆਦਤ ਹੈ।
ਪੰਜਾਬੀ ਦੀ ਇਕ ਕਹਾਵਤ ਹੈ ਕਿ “ਘਰ ਦਾ ਜੋਗੀ ਜੋਗਨਾ ਬਾਹਰਲਾ ਜੋਗੀ ਸਿੱਧ” ਭਾਵ ਆਪਣੇ ਘਰ ਵਿੱਚ ਕੋਈ ਕਿੰਨਾ ਵੀ ਮਹਾਨ ਜਾਂ ਗਿਆਨਵਾਨ ਮਨੁੱਖ ਹੋਵੇ ਘਰ ਵਾਲੇ ਕਦੇ ਵੀ ਉਸ ਨੂੰ ਅਹਿਮੀਅਤ ਨਹੀਂ ਦਿੰਦੇ ਬਲਕਿ ਜਿਆਦਾਤਰ ਉਸ ਵਲੋਂ ਕੀਤੀਆਂ ਗੱਲਾਂ ਤੋਂ ਚਿੜ ਕੇ ਮਜ਼ਾਕ ਉਡਾਉਂਦੇ ਹਨ।
ਇਹੋ ਆਪਾਂ ਆਪਣੇ ਪਿਤਾ ਜੀ ਦੇ ਨਾਲ ਕੀਤਾ।
ਪਰ ਸਤਿਗੁਰੂ ਜੀ ਨੇ ਬਖਸ਼ਿਸ਼ ਤੇ ਤਰਸ ਕੀਤਾ ਜਿਸ ਕਰਕੇ ਇਕ ਗੁਰਸਿੱਖ ਸਹੇਲੀ (classmate) ਨੇ ਮੈਨੂੰ ਇਕ ਗੁਰਮਤਿ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਵੀਰ ਜੀ ਸਚ ਜਾਣਿਉ ਕੈਂਪ ਵਿੱਚ ਭਾਗ ਲੈਣ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿੰਦਗੀ ਜਿਉਣ ਦਾ ਪਤਾ ਹੀ ਹੁਣ ਲਗਿਆ ਹੈ।
ਆਨੰਦ ਆ ਗਿਆ।
ਹੁਣ ਤੱਕ ਤਾਂ ਕੇਸ ਸਾਬਤ ਰੱਖ ਕੇ, ਸਵੇਰੇ ਸ਼ਾਮ ਥੋੜਾ ਪਾਠ ਨੂੰ (ਜੋ ਕਿ ਦਿਖਾਵੇ ਦਾ ਹੀ ਹੁੰਦਾ ਹੈ) ਤੇ ਸਿੱਖਾ ਦੀ ਕੁੱਲ ਵਿੱਚ ਜਨਮ ਲੈਣ ਕਰਕੇ ਹੀ ਆਪਣੇ ਆਪ ਨੂੰ ਸਿੱਖ ਸਮਝੀ ਬੈਠੇ ਸੀ। ਪਰ ਕੈਂਪ ਵਿੱਚ ਭਾਗ ਲੈਣ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਲੱਗਿਆ।
ਹੁਣ ਤੱਕ ਤਾਂ ਸਿੱਖੀ ਬਾਰੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਥੋੜਾ ਬਹੁਤ ਪਾਠ ਕਰਨ ਤੋਂ ਇਲਾਵਾ ਹਰ ਕੰਮ ਸਿੱਖੀ ਦੇ ਉਲਟ ਹੀ ਕਰਦੇ ਰਹੇ ਹਾਂ।
ਇਥੋਂ ਤਕ ਕਿ ਪਾਠ ਵੀ ਦੁਖਾਂ ਦੇ ਡਰ ਕਰਕੇ ਜਾਂ ਆਪਣੀਆਂ ਇਛਾਵਾਂ ਦੀ ਪੂਰਤੀ ਕਰਨ ਲਈ ਹੀ ਕਰੀਦਾ ਸੀ। ਗੁਰਦੁਆਰੇ ਜਾਣਾ ਤੇ ਸੇਵਾ ਆਦਿਕ ਕੋਈ ਵੀ ਕਰਮ ਵੀ ਸਿਰਫ ਇਸੇ ਕਰਕੇ ਕਰਦੇ ਸੀ ਪਰ ਕਦੇ ਗੁਰੂ ਦਾ ਪਿਆਰ ਮਨ ਵਿੱਚ ਨਹੀਂ ਸੀ ਉਪਜਿਆ, ਨਾ ਹੀ ਕਦੇ ਕੋਈ ਰਸ ਆਇਆ ਸੀ। ਬਸ ਬੱਧਾ ਚੱਟੀ ਹੀ ਭਰਦੇ ਰਹੇ।
ਗੁਰਮਤਿ ਬਾਰੇ ਪਿਤਾ ਜੀ ਜਾਂ ਹੋਰ ਕੋਈ ਗੱਲ ਕਰਦਾ ਸੀ ਤਾਂ ਬੋਰਿੰਗ (boaring) ਲਗਦਾ ਸੀ। ਕਦੇ ਮਨ ਅੰਦਰ ਝਾਤ ਹੀ ਨਹੀਂ ਮਾਰੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸ ਸਾਡੇ ਲਈ ਵਾਰਿਆ ਪਰ ਅਸੀਂ ਕਿੰਨਾ ਕੁ ਪਿਆਰ ਕੀਤਾ ਉਹਨਾਂ ਨੂੰ ? ਸ਼ਰਮ ਆਉਂਦੀ ਹੈ ਤੇ ਆਪਣਾ ਹੁਣ ਤੱਕ ਦਾ ਜੀਵਨ ਦੇਖ ਕੇ ਬੇਸ਼ਕੀਮਤੀ ਸਮਾਂ ਗਵਾਉਣ ਦਾ ਬੜਾ ਦੁੱਖ ਹੁੰਦਾ ਹੈ।
ਮੇਰੇ ਪਿਆਰੇ ਵੀਰ ਜੀਉ ਇਹ ਕੈਂਪ ਕਾਹਦਾ ਸੀ ਇਹ ਤਾਂ ਮੇਰੀ ਜਿੰਦਗੀ ਦਾ turning point ਸੀ।
ਪਹਿਲਾਂ ਤਾਂ ਜਦੋਂ ਵੀ ਪੜ੍ਹਾਈ ਤੋਂ ਥੋੜਾ ਵਿਹਲਾ ਸਮਾਂ ਮਿਲਦਾ ਤਾਂ ਬੋਰ ਹੋ ਜਾਈਦਾ ਸੀ ਤੇ ਬੋਰਿੰਗ ਨੂੰ ਦੂਰ ਕਰਨ ਲਈ ਟੀ. ਵੀ. ਜਾਂ ਫਿਲਮ ਆਦਿ ਦੇਖ ਕੇ ਸਮਾਂ ਪਾਸ ਕਰੀਦਾ ਸੀ। ਹੁਣ ਤਾਂ ਸਗੋਂ ਉਲਟਾ ਇਹ ਸਭ ਕੁਝ ਬੋਰਿੰਗ ਲਗਦਾ ਹੈ।
ਹੁਣ ਜਦੋਂ ਵੀ ਥੋੜਾ ਬਹੁਤ ਸਮਾਂ ਮਿਲਦਾ ਹੈ ਤਾਂ ਗੁਰਬਾਣੀ ਪਾਠ, ਇਤਿਹਾਸ ਪੜ੍ਹਨ ਸੁਣਨ, ਕਥਾ ਕੀਰਤਨ ਸੁਣਨ ਨੂੰ ਜੀਅ ਕਰਦਾ ਹੈ। ਸਗੋਂ ਹੁਣ ਤਾਂ ਜੀਅ ਕਰਦਾ ਹੈ ਕਿ ਹਰ ਵੇਲੇ ਗੁਰੂ ਸਾਹਿਬ ਜੀ ਦੀਆਂ ਗੱਲਾਂ ਕਰਦੇ ਤੇ ਸੁਣਦੇ ਰਹੀਏ। ਮੇਰੀਆਂ ਗਲਾਂ ਨਾਲ ਤੁਹਾਨੂੰ ਹੋਰ ਤਰ੍ਹਾਂ ਮਹਿਸੂਸ ਹੁੰਦਾ ਹੋਵੇਗਾ।
ਪਰ ਵੀਰ ਜੀ ਮੈਨੂੰ ਪੱਕਾ ਵਿਸਵਾਸ ਹੈ ਕਿ ਜੇ ਤੁਸੀਂ ਵੀ ਕਿਤੇ ਕੈਂਪ ਵਿੱਚ ਭਾਗ ਲਵੋਗੇ ਤਾਂ ਤੁਹਾਡਾ ਵੀ ਜੀਵਨ ਬਦਲ ਜਾਵੇਗਾ ਅਤੇ ਦਿਖਾਵੇ ਤੇ ਧੱਕੇ ਦੀ ਸਿੱਖੀ ਤੋਂ ਅਸਲ ਸਿੱਖੀ ਵਿੱਚ ਆ ਜਾਵੋਗੇ।
ਕਿਉਂਕਿ ਸੰਗਤ ਵਿੱਚ ਐਸੀ ਤਾਕਤ ਹੈ ਕਿ ਜਿਨ੍ਹਾਂ ਦੇ ਪਰਿਵਾਰਕ ਪਿਛੋਕੜ ਦਾ ਵੀ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ ਉਹ ਵੀ ਖੰਡੇ ਦੀ ਪਾਹੁਲ ਲੈਣ ਲਈ ਤਿਆਰ ਹੋ ਜਾਂਦੇ ਹਨ। ਆਪਾਂ ਤਾਂ ਫਿਰ ਵੀ ਗੁਰਸਿੱਖ ਮਾਂ ਪਿਉ ਦੀ ਔਲਾਦ ਹਾਂ।
ਇਕ ਕਹਾਣੀ ਤੁਸੀਂ ਸੁਣੀ ਹੋਵੇਗੀ ਕਿ ਇਕ ਵਾਰ ਇਕ ਸ਼ੇਰ ਦਾ ਬੱਚਾ ਛੋਟੇ ਹੁੰਦਿਆਂ ਹੀ ਭੇਡਾਂ ਵਿੱਚ ਰਲ ਗਿਆ ਸੀ । ਜਿਵੇਂ ਆਪਾਂ ਵੀ ਮਨਮੁੱਖ ਲੋਕਾਂ ਦੀ ਸੰਗਤ ਕਰਦੇ ਹੋਏ ਹੀ ਵੱਡੇ ਹੋਏ ਹਾਂ। ਸੋ ਉਸ ਸ਼ੇਰ ਦੇ ਬੱਚੇ ਦਾ ਰਹਿਣ ਸਹਿਣ, ਆਦਤਾਂ ਭੇਡਾਂ ਵਰਗੀਆਂ ਹੋ ਗਈਆਂ ਜਿਵੇਂ ਆਪਾਂ ਵੀ ਆਨਮੱਤੀਆਂ ਦੀ ਸੰਗਤ ਕਰਕੇ ਉਹਨਾਂ ਵਰਗੇ ਹੀ ਹੋ ਗਏ ਹਾਂ।
ਪਰ ਇਕ ਦਿਨ ਕੋਈ ਸ਼ੇਰ ਆ ਗਿਆ। ਜਦੋਂ ਉਸ ਸ਼ੇਰ ਨੇ ਗਰਜ ਮਾਰੀ ਤਾਂ ਉਸ ਸ਼ੇਰ ਦੇ ਬੱਚੇ ਦੇ ਅੰਦਰਲਾ ਸ਼ੇਰ ਜਾਗ ਪਿਆ ਤੇ ਉਸ ਨੇ ਵੀ ਜਵਾਬ ਵਿੱਚ ਗਰਜ ਮਾਰੀ ਜਿਸ ਨੂੰ ਸੁਣਕੇ ਸਭ ਭੇਡਾਂ ਭੱਜ ਗਈਆਂ ਤੇ ਉਹ ਬੱਚਾ ਦੁਬਾਰਾ ਸ਼ੇਰਾਂ ਵਿੱਚ ਜਾ ਰਲਿਆ।
ਖੈਰ ਮੈਂ ਤੁਹਾਨੂੰ ਕੈਂਪ ਦਾ ਹਾਲ ਸੁਣਾਉਂਦੀ ਹਾਂ ਜਿਸ ਨਾਲ ਮੇਰਾ ਜੀਵਨ ਬਦਲਿਆ।
ਅਸਲ ਵਿੱਚ ਰੱਖੜੀ ਨੇੜੇ ਹੋਣ ਕਰਕੇ ਇਸ ਵਾਰ ਕੈਂਪ ਵਿੱਚ ਰੱਖੜੀ ਬਾਰੇ ਵਿਚਾਰਾਂ ਨੂੰ ਵਿਸ਼ੇਸ਼ ਸਮਾਂ ਦਿੱਤਾ ਗਿਆ। ਹੋਰ ਵੀ ਬਹੁਤ ਕੁਝ ਹੋਇਆ ਜਿਵੇਂ ਗਤਕਾ, ਜੂਡੋ, ਸਲਾਈਡ ਸ਼ੋਅ, ਗਰੁੱਪ ਸਰਗਰਮੀਆਂ, ਵੱਖ ਵੱਖ ਵਿਸ਼ਿਆਂ ਉੱਤੇ ਸੈਮੀਨਾਰ, ਖੇਡਾਂ, ਪ੍ਰਸ਼ਨ ਉੱਤਰ ਮੁਕਾਬਲਾ (Quiz) ਅਤੇ ਹੋਰ ਬਹੁਤ ਕੁਝ। ਇਸ ਬਾਰੇ ਵਿਸਥਾਰ ਵਿੱਚ ਆਪਾਂ ਜਦੋਂ ਮਿਲਾਂਗੇ ਉਦੋ ਗਲਾਂ ਕਰਾਂਗੇ।
ਪਰ ਹੁਣ ਮੈ ਰੱਖੜੀ ਬਾਰੇ ਜੋ ਵਿਚਾਰਾਂ ਹੋਈਆਂ ਉਸ ਦਾ ਸਾਰ ਲਿਖ ਰਹੀ ਹਾਂ। ਕਿਤੇ ਤੁਸੀਂ ਇਹ ਨਾ ਕਹਿ ਦਿਉ ਕਿ ਹੁਣ ਰੱਖੜੀ ਜਾਂ ਧਾਗੇ ਦੀ ਥਾਂ ਤੁਹਾਨੂੰ ਕੜਾ ਜਾਂ ਕ੍ਰਿਪਾਨ ਭੇਜ ਦਿਆ ਕਰਾਂ। ਕੈਂਪ ਵਿੱਚ ਇਸ ਦਾ ਵੀ ਖੰਡਨ ਕੀਤਾ ਗਿਆ। ਹੇਠਾਂ ਮੈਂ ਕੈਂਪ ਵਿੱਚ ਰੱਖੜੀ ਬਾਰੇ ਦੱਸੇ ਵਿਚਾਰ ਲਿਖ ਰਹੀ ਹਾਂ।
“ਪਿਛਲੇ ਕਾਫੀ ਸਮੇਂ ਤੋਂ ਸੁਚੇਤ ਗੁਰਸਿਖਾਂ ਵਲੋਂ ‘ਅਖੌਤੀ ਸਿੱਖਾ’ ਵਲੋਂ ਮਨਾਏ ਜਾ ਰਹੇ ਅਨਮਤੀ ਤਿਉਹਾਰਾਂ ਖਿਲਾਫ ਲਿਖਿਆ ਤੇ ਬੋਲਿਆ ਜਾ ਰਿਹਾ ਹੈ ਤਾਂ ਕਿ ਆਪਣੀ ਵੱਖਰੀ ਪਛਾਣ ਤੇ ਹੋਂਦ ਨੂੰ ਅਨਮਤਾਂ ਵਿੱਚ ਰਲਗੱਡ ਹੋਣ ਤੋਂ ਰੋਕ ਲਾਈ ਜਾ ਸਕੇ। ਬਹੁਤ ਸਾਰੇ ਪ੍ਰਚਾਰਕਾਂ ਵਲੋਂ ਬੜੇ ਜੋਰ ਸ਼ੋਰ ਨਾਲ ਉਹਨਾਂ ਤਿਉਹਾਰਾਂ ਬਾਰੇ ਸਾਰਥਕ ਦਲੀਲਾਂ ਦੇ ਕੇ ਸਿੱਖਾਂ ਨੂੰ ਇਹਨਾਂ ਤਿਉਹਾਰਾਂ ਤੋਂ ਦੂਰ ਰਹਿ ਕੇ ਖਾਲਸਾਈ ਤਿਉਹਾਰ ਮਨਾਉਣ ਲਈ ਪ੍ਰੇਰਿਆ ਜਾ ਰਿਹਾ ਹੈ।
ਸ਼ੋਸ਼ਲ ਮੀਡਿਆ ਦਾ ਯੁੱਗ ਹੋਣ ਕਰਕੇ ਇਸ ਪ੍ਰਚਾਰ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਾਗਰਤੀ ਆਉਣ ਕਰਕੇ ਲੋਕ ਦਲੀਲ ਨਾਲ ਕੀਤੀ ਗਲ ਨੂੰ ਸਮਝ ਕੇ ਸੋਚਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਥੋਥੇ ਕਰਮਕਾਂਡਾਂ ਨੂੰ ਛੱਡਣ ਲੱਗੇ ਹਨ ਪਰ ਫੇਰ ਵੀ ਬਹੁਤ ਲੋਕ ਫਜੂਲ ਦੇ ਤਿਉਹਾਰਾਂ ਨੂੰ ਦੇਖਾ ਦੇਖੀ ਤੇ ਲੰਮੇ ਅਰਸੇ ਤੋਂ ਚਲੀ ਆ ਰਹੀ ਰੀਤ ਕਹਿਕੇ ਮਨਾਉਂਦੇ ਜਾ ਰਹੇ ਹਨ।
ਰੱਖੜੀ ਦਾ ਤਿਉਹਾਰ ਵੀ ਇਕ ਐਸਾ ਹੀ ਤਿਉਹਾਰ ਹੈ ਜਿਸ ਨੂੰ ਭੈਣ-ਭਰਾ ਦੇ ਪਿਆਰ ਦਾ ਪਵਿੱਤਰ ਤਿਉਹਾਰ ਕਹਿਕੇ ਮਨਾਇਆ ਜਾਂਦਾ ਹੈ। ਵੈਸੇ ਜਿਵੇਂ ਨਾਮ ਤੋਂ ਹੀ ਸਪਸ਼ਟ ਹੈ “ਰਕਸ਼ਾ ਬੰਧਨ ਜਾਂ ਰੱਖੜੀ” ਭਾਵ ਰੱਖਿਆ ਦਾ ਅਹਿਦ ਲੈਣਾ ਭਾਵ ਭੈਣ, ਭਰਾ ਨੂੰ ਰੱਖੜੀ ਦਾ ਧਾਗਾ ਬੰਨ੍ਹ ਕੇ ਇਹ ਵਾਅਦਾ ਲੈਂਦੀ ਹੈ ਕਿ ਤੂੰ ਲੋੜ ਪੈਣ ਤੇ ਮੇਰੀ ਰੱਖਿਆ ਕਰਨ ਦਾ ਪਾਬੰਦ ਹੈਂ।
ਇਕ ਪਾਸੇ ਤਾਂ ਲੜਕੀ ਨੂੰ ਲੜਕੇ ਦੇ ਬਰਾਬਰ ਮੰਨਣ ਲਈ ਸੰਘਰਸ਼ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ੳਹੀ ਭੈਣ ਰੱਖੜੀ ਬੰਨ ਕੇ ਆਪਣੇ ਆਪ ਨੂੰ ਨਿਮਾਣੀ ਨਿਤਾਣੀ ਸ਼ੋਅ ਕਰ ਰਹੀ ਹੈ।
ਕੀ ਇਹ ਅਨਪੜ੍ਹਤਾ ਦੀ ਨਿਸ਼ਾਨੀ ਨਹੀਂ ?
ਉਹਨਾਂ ਲੋਕਾਂ ਨੂੰ ਇਹ ਤਿਉਹਾਰ ਮਨਾਉਣਾ ਮੁਬਾਰਕ ਹੈ ਜਿਨ੍ਹਾਂ ਦਾ ਧਰਮ ਹੀ ਮਿਥਿਹਾਸ ਤੇ ਅਧਾਰਿਤ ਹੈ, ਪਰ ਬਹੁ ਗਿਣਤੀ ਨਾਲ ਰਹਿ ਕੇ ਸਿੱਖ ਕੌਮ ਦਾ ਵੱਡਾ ਹਿੱਸਾ ਵੀ ਬੜੇ ਚਾਅ ਨਾਲ ਐਸੇ ਤਿਉਹਾਰਾਂ ਨੂੰ ਮਨਾ ਕੇ ਆਪਣੀ ਗੁਲਾਮੀ ਅਤੇ ਮਾਨਸਿਕ ਦੀਵਾਲੀਏਪਣ ਦਾ ਪ੍ਰਗਟਾਵਾ ਕਰ ਰਿਹਾ ਹੈ।
- ਜੇ ਰੱਖੜੀ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਹੈ ਤਾਂ ਇਹ ਪਿਆਰ ਸਾਲ ਦੇ ਵਿੱਚ ਵਿੱਚ ਹੀ ਖ਼ਤਮ ਕਿਉਂ ਹੋ ਜਾਂਦਾ ਹੈ ? ਹਰ ਸਾਲ ਕਿਸੇ ਕੰਮ ਦੇ ਠੇਕੇ (contract) ਜਾਂ ਲਾਈਸੈਂਸ (licence) ਵਾਂਗ ਨਵਿਆਉਣਾ (renew) ਕਿਉਂ ਪੈਂਦਾ ਹੈ ?
- ਰੱਖੜੀ ਦੀ ਥਾਂ ਕੜਾ ਜਾਂ ਕਿ੍ਪਾਨ ਪਵਾ ਕੇ ਰੱਖੜੀ ਮਨਾਉਣ ਵਾਲੇ ਵੀਰ ਭੈਣ ਵੀ ਕੀ ਹਰ ਸਾਲ ਇਸ ਪਿਆਰ ਨੂੰ renew / ਨਵਿਆਇਆ ਕਰਨਗੇ ?
- ਭੈਣ ਭਰਾ ਦੇ ਇਸ ਪਿਆਰ ਦਾ ਪ੍ਰਗਟਾਵਾ ਰੱਖੜੀ ਦੇ ਦਿਨਾਂ ਵਿੱਚ ਹੀ ਕਿਉਂ ਪ੍ਰਗਟ ਹੁੰਦਾ ਹੈ ਅੱਗੋਂ ਪਿਛੋਂ ਕਿਉਂ ਨਹੀ ? ਕੀ ਇਹ ਰੱਖੜੀ / ਧਾਗਾ ਭੈਣ ਭਰਾ ਵਿੱਚ ਪਿਆਰ ਵਧਾਉਂਦਾ ਹੈ ? ਜੇ ਇਸ ਨਾਲ ਪਿਆਰ ਵਧਦਾ ਹੈ ਜਾਂ ਇਹ ਪਿਆਰ ਦਾ ਪ੍ਰਗਟਾਵਾ ਕਰਵਾਉਂਦਾ ਹੈ ਤਾਂ ਹੋਰ ਰਿਸ਼ਤਿਆਂ ਵਿੱਚ ਵੀ ਇਸ ਦੀ ਵਰਤੋਂ ਹੋਣੀ ਚਾਹੀਦੀ ਹੈ।
- ਜੇ ਇਹ ਗੱਲ ਹੈ ਕਿ ਭਰਾ ਭੈਣ ਦੀ ਰੱਖਿਆ ਦਾ ਪ੍ਰਣ ਕਰਦਾ ਹੈ ਤਾਂ ਸੋਚਣਾ ਬਣਦਾ ਹੈ ਕਿ ਲੜਕੀ ਦੇ ਵਿਆਹ ਤੋਂ ਬਾਅਦ ਰੱਖਿਆ ਭਰਾ ਕਰੇਗਾ ਕਿ ਪਤੀ ?
- ਜੇ ਭਰਾ ਹਜ਼ਾਰਾਂ ਮੀਲ ਦੂਰ ਬੈਠਾ ਹੋਵੇ ਤਾਂ ਕਿਵੇਂ ਰੱਖਿਆ ਕਰੇਗਾ ? ਜੇ ਭਰਾ ਵਿਦੇਸ਼ ਬੈਠਾ ਹੋਵੇ ਤਾਂ ਕੀ ਹਜ਼ਾਰਾਂ ਡਾਲਰ ਖਰਚ ਕੇ ਭੈਣ ਕੋਲੋਂ ਰੱਖੜੀ ਬੰਨਵਾਉਣ ਆਵੇਗਾ ? ਜੇ ਨਹੀਂ ਆਵੇਗਾ ਤਾਂ ਪਿਆਰ ਕਿੰਨਾ ਕੁ ਸੱਚਾ ਹੋਇਆ ? ਦੂਜਾ ਜੋ ਰੱਖਿਆ ਦੀ ਗੱਲ ਹੈ, ਵਿਆਹ ਤੋਂ ਬਾਅਦ ਤਾਂ ਹਰ ਦੁੱਖ ਸੁੱਖ ਦਾ ਭਾਈਵਾਲ ਪਤੀ ਹੀ ਹੁੰਦਾ ਹੈ ਸੋ ਰੱਖੜੀ ਪਤੀ ਦੇ ਹੀ ਬੰਨਣੀ ਬਣਦੀ ਹੈ।
- ਕੀ ਕਿ੍ਪਾਨ / ਕੜਾ ਪਵਾਉਣ ਵਾਲੇ ਵੀ ਜੇ ਵਿਦੇਸ਼ ਬੈਠੇ ਹਣਗੇ ਤਾਂ ਉਹ ਕੋਰੀਅਰ ਰਾਹੀਂ ਕਿ੍ਪਾਨ ਜਾਂ ਕੜਾ ਮੰਗਵਾਉਣਗੇ ? ਜਾਂ ਆਪ ਵੱਡਾ ਖਰਚ ਕਰ ਕੇ ਭੈਣ ਕੋਲ ਪਿਆਰ ਦਾ ਪੱਕਾ ਪ੍ਰਗਟਾਵਾ ਕਰਨ ਆਉਣਗੇ ?
- ਅਖੇ ਭਰਾ ਬਹਾਨੇ ਨਾਲ ਭੈਣ ਦੀ ਕੁਛ ਮਦਦ ਕਰ ਦਿੰਦਾ ਹੈ । ਪੰਜ ਸੱਤ ਸੌ ਰੁਪਏ ਨਾਲ ਜਾਂ ਛੋਟਾ ਵੱਡਾ ਤੋਹਫਾ (gift) ਦੇ ਕੇ ਮਦਦ ਨਹੀਂ ਹੁੰਦੀ ਜੇ ਵਾਕਿਆ ਹੀ ਪਿਆਰ ਹੈ ਤਾਂ ਜਾਇਦਾਦ ਵਿੱਚੋਂ ਬਰਾਬਰ ਦਾ ਹਿੱਸਾ ਦੇਵੇ।
- ਕੀ ਨਸ਼ੇੜੀ ਅਤੇ ਅਪਾਹਜ ਭੈਣ ਦੀ ਰਾਖੀ ਕਰ ਸਕਦਾ ਹੈ?
ਕਿ੍ਪਾਨ / ਕੜਾ ਪਵਾ ਕੇ ਰੱਖੜੀ ਮਨਾਉਣ ਵਾਲੇ ਜਾਗਰੂਕ ਸਿਖਾਂ ਦਾ ਇਸ ਬਾਰੇ ਕੀ ਖਿਆਲ ਹੈ ?
ਕੀ ਇਹ ਸਿੱਖਾਂ ਦਾ ਤਿਉਹਾਰ ਹੈ ? ਜੇ ਨਹੀਂ ਤਾ ਅਸੀਂ ਕਿਉਂ ਇਸਨੂੰ ਮਨਾ ਰਹੇ ਹਾਂ ?
ਇਹ ਤਿਉਹਾਰ ਇਸਤਰੀ ਜਾਤ ਦੀ ਨਜਰ ਨਾ ਆਉਣ ਵਾਲੀ ਗੁਲਾਮੀ ਦਾ ਪ੍ਰਤੀਕ ਹੈ। ਅਸਲ ਵਿੱਚ ਹਜ਼ਾਰਾਂ ਸਾਲਾਂ ਤੋਂ ਔਰਤ ਨੂੰ ਗ਼ੁਲਾਮ ਬਣਾ ਕੇ ਰੱਖਣ ਅਤੇ ਅਬਲਾ ਨਾਰੀ ਹੀ ਰਹਿਣ ਦੇਣ ਵਾਲਿਆਂ ਦੀ ਮਾਨਸਿਕਤਾ ਵਿਚੋਂ ਹੀ ਰੱਖੜੀ ਦੇ ਤਿਉਹਾਰ ਨੇ ਜਨਮ ਲਿਆ ਹੈ।
- ਕਿਸੇ ਨੇ ਕਿਹਾ ਕਿ ਔਰਤ ਰੱਬ ਦੀ ਮਜ਼ੇਦਾਰ ਗ਼ਲਤੀ ਹੈ।
- ਕਿਸੇ ਨੇ ਕਿਹਾ ਕਿ ਔਰਤ ਦੀ ਮੁਕਤੀ ਨਹੀਂ ਹੋ ਸਕਦੀ।
- ਕਿਸੇ ਨੇ ਔਰਤ ਨੂੰ ਬਘਿਆੜੀ ਕਹਿ ਦਿੱਤਾ :
ਇਨ ਬਾਘਣ ਖਾਈ ਤ੍ਰੈ ਲੋਈ
ਭਾਵ ਔਰਤ ਰੂਪੀ ਬਾਘਣ ਨੇ ਤਿੰਨਾਂ ਲੋਕਾਂ ਨੂੰ ਖਾ ਲਿਆ ਹੈ।
ਕਿਸੇ ਨੇ ਕਿਹਾ ਕਿ ਔਰਤ ਵਿੱਚ ਆਤਮਾ ਨਹੀਂ ਹੁੰਦੀ।
ਤੁਲਸੀ ਦਾਸ ਨੇ ਤਾਂ ਇਥੋਂ ਤੱਕ ਲਿਖ ਦਿੱਤਾ ਕਿ:
ਸ਼ੂਦਰ ਢੋਲ ਗਵਾਰ ਪਸ਼ੂ ਨਾਰੀ,
ਇਹ ਸਭ ਤਾੜਨ ਕੇ ਅਧਿਕਾਰੀ
ਭਾਵ ਸ਼ੂਦਰ, ਪਸ਼ੂ, ਅਨਪੜ੍ਹ, ਨਾਰੀ ਅਤੇ ਢੋਲ ਨੂੰ ਜਿਨਾਂ ਕੁੱਟੋ ਉਨਾਂ ਹੀ ਵਧੀਆ ਹੈ।
ਸੋ ਔਰਤ ਬਾਰੇ ਐਸੇ ਵਿਚਾਰ ਰੱਖਣ ਵਾਲਿਆਂ ਦੀ ਮਾਨਸਿਕਤਾ ਵਿਚੋਂ ਹੀ ਰੱਖੜੀ ਵਰਗਾ ਤਿਉਹਾਰ ਉਪਜਿਆ ਲਗਦਾ ਹੈ।
ਇੱਕ ਹੋਰ ਧਾਰਨਾ ਅਨੁਸਾਰ ਇਸ ਤਿਉਹਾਰ ਦਾ ਜਨਮ ਬ੍ਰਾਹਮਣ ਦੇ ਵਰਣ ਵੰਡ ਵਿਵਸਥਾ ਵਿਚੋਂ ਹੋਇਆ ਹੈ। ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ, ਇਹ ਚਾਰ ਵਰਣਾਂ ਵਿੱਚ ਸਮਾਜ ਨੂੰ ਵੰਡਿਆ। ਬਾਕੀ ਤਿੰਨ ਵਰਣਾਂ ਵਾਸਤੇ ਤਿੰਨ ਤਿਉਹਾਰ- ਖੱਤਰੀ ਦਾ ਦਸਹਿਰਾ, ਵੈਸ਼ ਦਾ ਦੀਵਾਲੀ ਤੇ ਸ਼ੂਦਰ ਦਾ ਹੋਲੀ ਮੁਕੱਰਰ ਕਰ ਦਿੱਤੇ। ਉਸ ਦੇ ਵਾਸਤੇ ਆਪਣੇ ਵਾਸਤੇ ਕੋਈ ਤਿਉਹਾਰ ਨਾ ਬਚਿਆ ਤਾਂ ਰੱਖੜੀ ਦੀ ਈਜਾਦ ਕੀਤੀ ਗਈ। ਇਸ ਤਰਾਂ ਚਾਰ ਵਰਣ ਚਾਰ ਤਿਉਹਾਰ ਬਣਾ ਲਏ ਤਾਂ ਜੋ ਹਰ 4-6 ਮਹੀਨੇ ਬਾਅਦ ਲੋਕਾਂ ਨੂੰ ਮੰਦਿਰਾਂ ਵਿੱਚ ਤਿਉਹਾਰ ਦੇ ਨਾਮ ਤੇ ਇਕੱਤਰ ਜਾ ਸਕੇ ਤੇ ਪੁਜਾਰੀ ਦਾ ਪ੍ਰਸ਼ਾਦਾ ਚਲਦਾ ਰਹੇ।
ਪਰ ਗੁਰਮਤਿ ਵਿੱਚ ਇਸਤਰੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਇਤਿਹਾਸ ਪੜ੍ਹੋ ਤਾਂ ਪਤਾ ਲਗਦਾ ਹੈ ਕਿ ਸਿੱਖ ਇਸਤਰੀਆਂ ਨੇ ਕਿੰਨੀਆਂ ਘਾਲਣਾ ਘਾਲੀਆਂ। ਸੋ ਸਿੱਖੀ ਵਿੱਚ ਰੱਖੜੀ ਵਰਗੇ ਤਿਉਹਾਰ ਨੂੰ ਕੋਈ ਸਥਾਨ ਨਹੀਂ ਕਿਉਂਕਿ ਇਸ ਵਿੱਚ ਇਸਤਰੀ ਨੂੰ ਅਬਲਾ ਤੇ ਨਿਮਾਣੀ ਬਣਾ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਵੀਰਾਂ ਭੈਣਾਂ ਤੇ ਵੀ ਨਮੋਸ਼ੀ ਭਰਿਆ ਹਾਸਾ ਆਉਂਦਾ ਹੈ ਜੋ ਰੱਖੜੀ ਵਾਲੇ ਦਿਨ ਰੱਖੜੀ ਧਾਗੇ ਦੀ ਥਾਂ ਕਿ੍ਪਾਨ ਜਾਂ ਕੜਾ ਪਾਉਂਦੇ / ਪਵਾਉਂਦੇ ਹਨ। ਕਿਉਂਕਿ ਮਾਨਸਿਕਤਾ ਉਹੀ ਹੈ।
ਪਿਛਲੀ ਵਾਰ ਰੱਖੜੀ ਤੇ ਇੱਕ ਫੋਟੋ ਸ਼ੋਸ਼ਲ ਮੀਡੀਆ ਤੇ ਬਹੁਤ ਗੁਰਸਿਖਾਂ ਨੇ ਸ਼ੇਅਰ ਤੇ ਲਾਈਕ ਕੀਤੀ ਜਿਸ ਵਿੱਚ ਇੱਕ ਅਮਿ੍ਤਧਾਰੀ ਭੈਣ ਆਪਣੇ ਗੁਰਸਿੱਖ ਭਰਾ ਨੂੰ ਕਿ੍ਪਾਨ ਦੇ ਰਹੀ ਸੀ ਤੇ ਫੋਟੋ ਦੇ ਥੱਲੇ ਲਿਖਿਆ ਸੀ :
“ਰੱਖੜੀ ਤੇ ਭੈਣ ਆਪਣੇ ਭਰਾ ਨੂੰ ਕਿ੍ਪਾਨ ਦਿੰਦੀ ਹੋਈ । ਰੱਖੜੀ / ਧਾਗਾ ਰੱਖਿਆ ਨਹੀਂ ਕਰ ਸਕਦੇ ਪਰ ਕਿ੍ਪਾਨ ਨਾਲ ਰੱਖਿਆ ਹੋ ਸਕਦੀ ਹੈ।”
ਮਾਨਸਿਕਤਾ ਉਹੀ ਰਹੀ ਸਿਰਫ ਤਰੀਕਾ ਵੱਖਰਾ ਹੈ। ਰੱਖੜੀ ਦੀ ਥਾਂ ਭੈਣ, ਭਰਾ ਨੂੰ ਕਿ੍ਪਾਨ ਦੇ ਰਹੀ ਹੈ ਪਰ ਰੱਖਿਆ ਭਰਾ ਹੀ ਕਰੇਗਾ। ਭੈਣ ਫੇਰ ਅਬਲਾ ਹੀ ਰਹੀ।
ਚਾਹੀਦਾ ਤਾਂ ਇਹ ਸੀ ਕਿ ਵੀਰ ਭੈਣ ਨੂੰ ਸਸਤਰ ਵਿੱਦਿਆ ਸਿਖਾਉਂਦਾ ਤੇ ਕਿ੍ਪਾਨ ਦੇ ਕੇ ਕਹਿੰਦਾ ਕਿ ਭੈਣੇ ਆਹ ਲੈ ਕਿ੍ਪਾਨ ਤੇ ਤੂੰ ਕਿਸੇ ਵੱਲ ਦੇਖਣ ਦੀ ਬਜਾਏ ਆਪਣੀ ਰੱਖਿਆ ਤਾਂ ਆਪ ਕਰਨੀ ਹੀ ਹੈ, ਬਲਕਿ ਹੋਰ ਭੈਣਾਂ ਨੂੰ ਵੀ ਸਸ਼ਤਰ ਵਿੱਦਿਆ ਸਿਖਾ ਕੇ ਸ਼ੇਰ ਬਣਾਉਣਾ ਹੈ। ਫੇਰ ਤਾਂ ਕਹਿ ਸਕਦੇ ਸੀ ਕਿ ਕੁਛ ਵੱਖਰਾ ਕੀਤਾ ਹੈ।
ਸਿੰਘਾਂ ਨੇ ਇੱਕ ਇੱਕ ਦਿਨ ਵਿੱਚ ਹਜ਼ਾਰਾਂ ਹਿੰਦੁਸਤਾਨੀ ਅਬਲਾਵਾਂ ਵਿਦੇਸ਼ੀ ਹਮਲਾਵਰਾਂ ਦੇ ਪੰਜਿਆਂ ਵਿੱਚੋਂ ਬਚਾ ਕੇ ਘਰੋ ਘਰੀਂ ਪਹੁੰਚਾਈਆਂ । ਉਹਨਾਂ ਨੇ ਕਿਹੜਾ ਰੱਖੜੀਆਂ ਬੰਨਵਾਈਆਂ ਸਨ। ਸੋ ਸਡਾ ਤਾਂ ਵਿਰਸਾ ਹੀ ਏਨਾ ਅਮੀਰ ਹੈ।
ਮੇਰੇ ਪਿਆਰੇ ਵੀਰ ! ਭਾਵੇਂ ਚਿੱਠੀ ਕਾਫੀ ਲੰਬੀ ਹੋ ਗਈ ਹੈ ਪਰ ਅਖੀਰ ਵਿੱਚ ਇੱਕ ਇੰਗਲੈਂਡ ਤੋਂ ਆਈ ਭੈਣ ਨੇ ਜੋ ਕੈਂਪ ਵਿੱਚ ਲੈਕਚਰ ਦਿੱਤਾ ਉਹ ਲਿਖਣਾ ਜ਼ਰੂਰੀ ਸਮਝਦੀ ਹਾਂ ਜਿਸ ਨੇ ਨਾ ਸਿਰਫ ਮੇਰੀਆਂ ਬਲਕਿ ਕੈਂਪ ਵਿੱਚ ਮੌਜੂਦ ਹਰ ਲੜਕੀ ਦੀਆਂ ਅੱਖਾਂ ਖੋਹਲ ਦਿੱਤੀਆਂ ਜੋ ਕਿ ਇਸ ਤਰਾਂ ਸੀ :
ਰੱਖੜੀ ਦਾ ਤਿਉਹਾਰ ਨੇੜੇ ਆ ਰਿਹੈ ਜੀ ਸੋ ਸਾਡੀਆਂ ਸਿਖ ਭੈਣਾਂ ਬੜੀਆਂ ਉਤਸ਼ਾਹਿਤ ਹੋਣਗੀਆਂ ਰੱਖੜੀ ਬੰਨਣ ਵਾਸਤੇ ਕਿਉਕਿ ਸਾਡੇ ਵਿਚ ਅਵੇਅਰਨੈਸ (awareness) ਦੀ ਬਹੁਤ ਕਮੀ ਐ। ਗੁਰਦੁਆਰੇ ਜੋ ਸਿਖ ਐਜੂਕੇਸ਼ਨਲ ਸੈਂਟਰ (Sikh educational centre) ਹੋਣੇ ਚਾਹੀਦੇ ਸੀ ਅੱਜ ਬਹੁਤੇ ਮੰਦਰਾ ਦਾ ਰੂਪ ਧਾਰ ਚੁਕੇ ਨੇ।
ਅੰਦਰ ਜੋ ਮੈਨੇਜਮੈਂਟ ਹੈ ਤੇ ਗਰੰਥੀ ਸਿੰਘ ਹੈ ਉਹ ਖੁਦ ਵੀ ਗੁਰਮਤਿ ਦੀ ਸਹੀ ਜਾਣਕਾਰੀ ਤੋ ਕੋਰੇ ਹੁੰਦੇ ਨੇ ਪਰ ਹਾਂ ਪਰਧਾਨ ਜੀ ਤੇ ਸਕੱਤਰ ਸਾਹਿਬ ਇਹ ਚੰਗੀ ਤਰਾਂ ਜਾਣਦੇ ਨੇ ਕਿ ਪਾਠ ਕਿਵੇ ਵੇਚਣੇ ਨੇ ? ਆਮਦਨ ਕਿਵੇ ਵਧਾਣੀ ਹੈ ?
ਸੋ ਜਿਥੋ ਸਿਖ ਇਕ ਵਖਰੀ ਕੌਮ ਹੋਣ ਦਾ ਅਹਿਸਾਸ ਪੈਦਾ ਹੋਣਾ ਸੀ ਉਹ ਸੋਮੇ ਬਿੱਪਰਾਂ ਦੇ ਅੱਡੇ ਬਣ ਚੁਕੇ ਨੇ ਸੋ ਮੇਰੀਆ ਉਹ ਸਤਿਕਾਰਰੋਗ ਭੈਣਾ ਜੋ ਕਦੀ ਮਾਈ ਭਾਗੋ ਤੇ ਸਦਾ ਕੌਰ ਦੇ ਰੂਪ ਵਿਚ ਮਰਦਾਂ ਦੇ ਵੀ ਅੱਗੇ ਲਗਕੇ ਤੁਰਦੀਆਂ ਸਨ, ਜਥੇਦਾਰ ਬਣਦੀਆ ਸਨ, ਅੱਜ ਫੇਰ ਭਰਾਵਾਂ ਦੇ ਗੁੱਟ ਤੇ ਧਾਗੇ ਬੰਨਕੇ ਅਪਣੇ ਹੀਣੇ ਹੋਣ ਦਾ, ਕਮਤਰ ਹੋਣ ਦਾ ਅਹਿਸਾਸ ਮਨਾ ਵਿਚ ਪਾਲ ਬੈਠੀਆ ਹਨ।
ਜੇਕਰ ਸਾਡੇ ਗਵਾਂਢ ਦੀ ਹਿੰਦੂ ਭੈਣ ਰਖੜੀ ਮਨਾਉਦੀ ਐ ਤਾਂ ਮਨਾਵੇ ਕਿਉਕਿ ਉਹਦਾ ਧਰਮ ਉਹਨੂੰ ਬਰਾਬਰ ਦੀ ਇਨਸਾਨ ਮੰਨਦਾ ਈ ਨਹੀ। ਉਹ ਤਾ ਵਿਚਾਰੀ ਸਦੀਆਂ ਤੋ ਲਿਤਾੜੀ ਗਈ ਐ।
ਪਰ ਮੇਰੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਸੇ ਪੱਖੋਂ ਘੱਟ ਕਰਕੇ ਨੀ ਜਾਣਿਆ ਤੇ ਅਹਿਸਾਸ ਕਰਵਾਇਐ ਕਿ ਮੇਰੀਏ ਬੱਚੀਏ ਤੁੰ ਨਾ ਮਨ ਕਰਕੇ, ਨਾ ਤਨ ਕਰਕੇ ਕਿਸੇ ਤੋ ਕਮਜੋਰ ਐ, ਬਸ ਅਪਣੇ ਆਪ ਨੂੰ ਪਛਾਣ, ਗੁਣਾਂ ਦੀ ਖਾਣ ਬਣ। ਤੂੰ ਅਪਣੀ ਹੀ ਰਾਖੀ ਨਹੀ ਕਰਨੀ ਬਲਕਿ ਜਿਥੇ ਜਰੂਰਤ ਪਵੇ ਉਥੇ ਹੀ ਅਪਣੇ ਭਰਾਵਾਂ ਦੀ ਤਰਾਂ ਨਿਮਾਣਿਆ ਨਿਤਾਣਿਆਂ ਦੀ ਰਾਖੀ ਵਾਸਤੇ ਡੱਟ ਖਲੋਵੀ।
ਇਤਹਾਸ ਵਿਚ ਸਿਖ ਬੀਬੀਆਂ ਕਦੀ ਮਦਦ ਨਹੀ ਮੰਗੀ ਬਲਕਿ ਗੁਰੂ ਦੀਆ ਸ਼ੇਰ ਪੁਤਰੀਆਂ ਹੋਣ ਦਾ ਸਬੂਤ ਦਿਤੈ। ਕਦੀ ਵੀਰਾਂ ਨੂੰ ਧਾਗਿਆਂ ਰਾਹੀ ਸੌਹ ਪਵਾਣ ਦੀ ਲੋੜ ਨੀ ਸਮਝੀ ਕਿ ਅਸੀਂ ਅਬਲਾਵਾਂ ਹਾਂ ਤੁਸੀ ਸਾਡੀ ਰਖਿਆ ਕਰਨੀ ਹੈ, ਬਲਕਿ ਹਾਲਾਤਾਂ ਦਾ ਡਟਕੇ ਬਹਾਦਰੀ ਤੇ ਸਿਆਣਪ ਨਾਲ ਮੁਕਾਬਲਾ ਕੀਤਾ ਹੈ।
ਪਰ ਅੱਜ ਸਿਖ ਭੈਣਾਂ ਉਤੇ ਗੁਆਂਢੀ ਹਿੰਦੂ ਬੀਬੀਆਂ ਦਾ ਏਨਾ ਅਸਰ ਦਿਖਾਈ ਦਿੰਦੈ ਕਿ ਉਹ ਕਦੀ ਕਰਵਾਚੌਥ ਦੇ ਵਰਤ ਰਖਦੀਆ ਦਿਖਾਈ ਦਿੰਦੀਆ ਨੇ, ਕਦੀ ਭਾਈ ਦੂਜ ਮਨਾ ਰਹੀਆ ਨੇ।
ਕਈ ਵਾਰੀ ਤਾਂ ਗੁਰਦੁਆਰੇ ਦੇ ਅੰਦਰ ਗੁਰੂ ਗਰੰਥ ਸਾਹਿਬ ਦੇ ਪੀੜੇ ਦੇ ਪਾਵਿਆਂ ਨੂੰ ਰੱਖੜੀਆਂ ਬੰਨੀਆ ਵੀ ਦਿਖਾਈ ਦਿੰਦੀਆ ਨੇ । ਜਿਥੋ ਗਿਆਨ ਮਿਲਣਾ ਸੀ ਓਥੋ ਅੱਜ ਮਨਮਤਿ, ਕਰਮਕਾਂਡ ਫੈਲਾਇਆ ਜਾ ਰਿਹੈ।
ਕੁਛ ਵੀਰ ਕਹਿ ਦਿੰਦੇ ਨੇ ਕਿ ਰੱਖੜੀ ਬੰਨਣ ਨਾਲ ਕੀ ਹੋ ਜਾਦੈ ਜੀ, ਇਦਾਂ ਅਸੀ ਹਿੰਦੂ ਥੋੜਾ ਬਣ ਜਾਣੈ ।
ਇਹਨਾਂ ਵਾਸਤੇ ਸਾਡਾ ਇਕੋ ਜਵਾਬ ਹੈ ਜੀ, ਜੇ ਦੀਵਾਲੀ, ਦੁਸਿਹਰਾ, ਭਾਈ ਦੂਜ, ਰੱਖੜੀ,ਕਰਵਾ ਚੌਥ, ਮੱਸਿਆ ਸੁੱਖਕੇ ਨਹਾਣ ਜਾਣਾ, ਪੂਰਨਮਾਸ਼ੀ ਤੇ ਖਾਸ ਤੌਰ ਤੇ ਗੁਰਦੁਆਰੇੇ ਚਾਲੀ ਦਿਨ ਸੁਖਕੇ ਨੰਗੇ ਪੈਰੀਂ ਤੁਰਕੇ ਗੁਰਦੁਆਰੇ ਜਾਣਾ ਆਦਿ ਸਭ ਕਰਕੇ ਵੀ ਗੁਰੂ ਦੇ ਸਿਖ ਅਖਵਾਉਦੇ ਓ ਤਾਂ ਲਾਹਣਤ ਹੈ ਤੁਹਾਡੇ ਤੇ।
ਕਦੀ ਗੁਰਬਾਣੀ ਸਮਝ ਕੇ ਵੀਚਾਰ ਕੇ ਪੜੀਏ ਤਾਂ ਪਤਾ ਲਗੇ ਕਿ ਗੁਰੂ ਸਾਹਿਬ ਕਿਹੋ ਜਿਹਾ ਜੀਵਨ ਜੀਉਣ ਦੀ ਗੱਲ ਕਰਦੇ ਹਨ ਤੇ ਅਸੀਂ ਸਿਰਫ ਸਿਖ ਘਰਾਣਿਆਂ ਵਿਚ ਜਨਮ ਹੀ ਲਿਐ, ਗੁਰੂ ਦੀ ਮੱਤ ਨੇੜੇ ਤੇੜੇ ਵੀ ਨਹੀਂ ।
ਸੋ ਰਖੜੀ ਬੰਨਣ ਵਾਲੀਓ ਭੈਣੋ ਕਦੀ ਮੁਸਲਿਮ ਜਾਂ ਈਸਾਈ ਭੈਣਾਂ ਵਲ ਹੀ ਝਾਤੀ ਮਾਰ ਲਵੋ ਕੀ ਉਹਨਾ ਦਾ ਭਰਾਵਾਂ ਨਾਲ ਪਿਆਰ ਘਟ ਐ ?
ਬਿਲਕੁਲ ਨਹੀਂ ਪਰ ਉਹ ਕਦੀ ਹਿੰਦੂ ਭੈਣਾਂ ਦੀ ਨਕਲ ਕਰਦਿਆਂ ਅਪਣੇ ਧਰਮ ਦੇ ਅਸੂਲਾਂ ਨੂੰ ਛਿਕੇ ਨਹੀ ਟੰਗਦੀਆਂ ਫਿਰ ਅਸੀਂ ਇੰਨੀਆਂ ਕਮਜੋਰ ਕਿਉ ਬਣਗੀਆਂ ?
ਆਓ ਅਪਣੇ ਆਪ ਨੂੰ ਪਛਾਣੀਏ ਪਿਆਰ ਧਾਗਿਆਂ ਚ ਨਹੀਂ ਦਿਲਾਂ ਚ ਪੈਦਾ ਕਰੀਏ ਗੁਰੂ ਦੀਆ ਸ਼ੇਰ ਬੱਚੀਆਂ ਬਣੀਏ ਵਿਖਾਵੇ ਤੋ ਬਚੀਏ।
ਏਨਾ ਜਰੂਰ ਕਹਾਂਗੀ ਕਿ :
ਜਗ ਵਿਚ ਚਾਨਣ ਕਰਨ ਦੀ ਖਾਤਰ ਜੇਕਰ ਸੂਰਜ ਬਣ ਨਾ ਪਾਵੋ
ਚਲੋ ਬਣੋ ਫਿਰ ਰਾਹ ਦਾ ਦੀਵਾ ਹਰ ਪਾਂਧੀ ਦਾ ਰਾਹ ਰੁਸ਼ਨਾਵੋ
ਸੋ ਵੀਰ ਜੀ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੇ ਨਾਲ ਇਸ ਫੋਕਟ ਤਿਉਹਾਰ ਨੂੰ ਨਾ ਮਨਾਉਣ ਦੇ ਵਿਚਾਰ ਨਾਲ ਪੂਰੀ ਤਰਾਂ ਸਹਿਮਤ ਹੋਵੋਗੇ। ਨਾਲੇ ਹੁਣ ਮੈਂ ਗੱਤਕਾ ਤੇ ਜੂਡੋ ਵੀ ਸਿਖ ਲਿਆ ਹੈ ਤੇ ਹੁਣ ਤਾਂ ਮੈਂ ਤੁਹਾਨੂੰ ਸਿਖਾਵਾਂਗੀ ਕਿ ਆਪਣੀ ਰੱਖਿਆ ਆਪ ਕਿਵੇਂ ਕਰੀਦੀ ਹੈ।
ਗੱਲਾਂ ਤਾਂ ਹੋਰ ਵੀ ਬਹੁਤ ਹਨ ਪਰ ਮਿਲਣ ਤੇ ਕਰਾਂਗੇ ਨਾਲੇ ਜਦ ਤੱਕ ਮੈਂ ਹੋਰ ਵੀ ਗੁਰਮਤਿ ਸਿੱਖ ਲਵਾਂਗੀ।
ਫਤਹਿ ਪ੍ਰਵਾਨ ਕਰਨੀ ਜੀ।
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ।
ਤੁਹਾਡੀ ਪਿਆਰੀ ਛੋਟੀ ਭੈਣ
ਗੁਰ ਪਿਆਰ ਕੌਰ |
ਰੱਖੜੀ ਇਕ ਮਾਨਸਿਕ ਰੋਗ ਹੈ ।
*- ਰੱਖੜੀ ਇਕ ਹਿੰਦੂ ਤਿਉਹਾਰ ਹੈ। ਇਸ ਨਾਲ ਗੁਰਮਤਿ ਦਾ ਕੋਈ ਲੈਣਾ ਦੇਣਾ ਨਹੀ।
*- ਜੇ ਰੱਖੜੀ ਭੈਣ ਭਰਾ ਦੇ ਪਿਆਰ ਦਾ ਬੰਧਨ ਹੈ ਤਾਂ ਇਹ ਦੱਸੋ ਕਿ ਕੀ ਇਹ ਪਿਆਰ ਇਕ ਸਾਲ ਵਿਚ ਕਿਉ ਖਤਮ ਹੋ ਜਾਂਦਾ ਹੈ ….????
*- ਇਹ ਪਿਆਰ ਦਾ ਪ੍ਰਗਟਾਵਾ ਰੱਖੜੀ ਦੇ ਦਿਨ੍ਹਾਂ ਵਿਚ ਹੀ ਕਿਉ ਪ੍ਰਗਟ ਹੁੰਦਾ ਹੈ …???? ਅੱਗੇ ਪਿਛੇ ਕਿਉ ਨਹੀ ..???
*- ਕੀ ਇਹ ਕੱਚਾ ਧਾਗਾ ਸਿਰਫ ਭੈਣ ਭਰਾ ਵਿਚ ਹੀ ਪਿਆਰ ਵਧਾਉਦਾ ਹੈ …???
*- ਜੇ ਪਿਆਰ ਵਧਾਉਦਾ ਹੈ ਫਿਰ ਤਾਂ ਪਤੀ ਪਤਨੀ ਨੂੰ ਵੀ ਇਕ ਦੂਜੇ ਦੇ ਰੱਖੜੀ ਦਾ ਧਾਗਾ ਬੰਨਣਾ ਚਾਹੀਦਾ ਹੈ ? ਕਿਉ ਕਿ ਇਹ ਵੀ ਇਕ ਦੂਜੇ ਨੂੰ ਪਿਆਰ ਕਰਦੇ ਹਨ।
*- ਮਾਂ-ਪੁੱਤ ਪਿਉ-ਧੀ ਵੀ ਇਕ ਦੂਜੇ ਨੂੰ ਰੱਖੜੀ ਬੰਨਣ, ਕਿਉ ਕਿ ਪਿਆਰ ਐ।
*- ਜੇ ਇਹ ਗੱਲ ਹੈ ਕੇ ਭਰਾ ਤਾਂ ਭੈਣ ਦੀ ਰੱਖਿਆ ਕਰਦਾ ਹੈ। ਫਿਰ ਇਹ ਦੱਸੋ ਕਿ ਵਿਆਹ ਤੋਂ ਬਾਆਦ ਰੱਖਿਆ ਭਰਾ ਕਰੇਗਾ ਕਿ ਪਤੀ …???
*- ਜੇ ਵਿਆਹ ਤੋਂ ਬਾਆਦ ਦੁੱਖ ਸੁੱਖ ਦਾ ਭਾਈਵਾਲ ਪਤੀ ਹੈ ਤਾਂ ਫਿਰ ਇਹ ਰੱਖੜੀ ਵਾਲਾ ਧਾਗਾ ਪਤੀ ਦੇ ਬੰਨੋ।
*- ਅਖੇ ਭਰਾ ਬਾਹਾਨੇ ਨਾਲ ਆਪਣੀ ਭੈਣ ਦੀ ਮਦਦ ਕਰ ਦਿੰਦਾ, ਰੁ: 500/- ਦੇ ਕੇ ਭੈਣ ਦੀ ਮਦਦ ਨਹੀ ਹੁੰਦੀ ਆਪਣੀ ਜਾਇਦਾਦ ਪ੍ਰਾਪਰਟੀ ਚੋਂ ਕੁੱਝ ਹਿਸਾ ਦੇ ਕੇ ਮਦਦ ਕਰੋ। 500/- ਰੁ: ਦੇ ਕੇ ਭੈਣ ਨੂੰ ਝੂਠੀ ਤਸੱਲੀ ਨਾ ਦਿਉ।
*- ਗੁਰੂ ਨਾਨਕ ਸਾਹਿਬ ਜੀ ਨੇ ਭਰੇ ਇਕੱਠ ਵਿਚ ਜਨੇਉ ਵਾਲਾ ਧਾਗਾ ਪਾਉਣ ਤੋ ਮਨ੍ਹਾਂ ਕਰ ਦਿੱਤਾ ਸੀ ਕਿ ਇਹ ਪਰਿਵਾਰ ਵਿਚ ਵੀ ਵੰਡੀਆਂ ਪਾ ਦਿੰਦਾ ਹੈ। ਜਨੇਉ ਸਿਰਫ ਮਰਦ ਹੀ ਪਾ ਸਕਦੇ ਹਨ, ਔਰਤ ਕਿਉ ਨਹੀ..??
*- ਮੈਂ ਜਨੇਉ ਪਾ ਕੇ ਪੰਜ ਸਾਲ ਵੱਡੀ ਭੈਣ ਤੇ ਜਨਮ ਦੇਣ ਵਾਲੀ ਮਾਂ ਤੋਂ ਵੱਡਾ ਨਹੀ ਹੋਣਾ ਚਾਹੁੰਦਾ।
*- ਜੇ ਗੁਰੂ ਨਾਨਕ ਸਾਹਿਬ ਜਨੇਉ ਵਾਲਾ ਧਾਗਾ ਪਰਵਾਨ ਨਹੀ ਕਰਦੇ ਤਾਂ ਰੱਖੜੀ ਦਾ ਧਾਗਾ ਕਿਵੇ ਪਰਵਾਨ ਕਰਨਗੇ ….???
*- ਹਿੰਦੂ ਵੀਰਾਂ ਦਾ ਧਾਰਮਿਕ ਸਮਾਜਿਕ ਤਿਉਹਾਰ ਹੈ ਰੱਖੜੀ। ਪਰ ਜਦੋਂ ਇਨ੍ਹਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਮੁਗਲ਼ ਚੁੱਕ ਕੇ ਲੈ ਜਾਂਦੇ ਸਨ। ਉਦੋਂ ਰੱਖੜੀਆਂ ਬਨਾਉਣ ਵਾਲੇ ਭਰਾ ਕਿਥੇ ਸਨ ..??? ਜਦ ਓਹਨਾ ਨੂੰ ਸਿੱਖ ਜੋਧਿਆਂ ਨੇ ਬਚਾਇਆ ਤਾਂ ਓਹਨਾ ਆਪਣੀਆਂ ਭੈਣਾਂ ਨੂੰ ਇਹ ਕਹਿ ਕ ਦੁਰਕਾਰ ਦਿੱਤਾ ਕਿ ਤੁਸੀ ਭਿਟਿਆਂ ਗਈਆਂ ਹੋ। ਤੁਸੀ ਮੁਗ਼ਲਾਂ ਦੇ ਘਰ ਰਾਤ ਕੱਟ ਕੇ ਆਈ ਹੋ। ਕੀ ਓਹਨਾ ਦਾ ਰੱਖੜੀ ਦਾ ਪਿਆਰ ਖਤਮ ਹੋ ਗਿਆ ਸੀ??
*- ਇਤਿਹਾਸ ਗਵਾਹ ਹੈ ਕਿ ਕਿਸੇ ਸਿੱਖ਼ ਜਰਨੈਲ ਨੇ ਕਿਸੇ ਤੋਂ ਵੀ ਰੱਖੜੀ ਨਹੀ ਬੰਨਵਾਈ ਪਰ ਬਿਨ੍ਹਾਂ ਕੋਈ ਧਰਮ ਜਾਤ ਵੇਖੇ ਔਰਤਾਂ ਦੀ ਰੱਖਿਆ ਕੀਤੀ।
ਨੋਟ — ਗੁਰੂ ਨਾਨਕ ਸਾਹਿਬ ਜੀ ਨੇ ਨਾ ਤਾਂ ਰੱਖੜੀ ਬੰਨਵਾਈ ਸੀ ਤੇ ਨਾ ਬੇਬੇ ਨਾਨਕੀ ਜੀ ਨੇ ਬੰਨੀ ਸੀ। ਫੋਟੋਆਂ ਅਸਲੀ ਨਹੀ ਹਨ, ਕਿਸੇ ਸ਼ਰਾਰਤੀ ਮਨ ਦੀ ਕਲਪਨਾ ਤੇ ਕਾਡ ਹੈ। ਐਵੇ ਅੱਖਾਂ ਬੰਦ ਕਰਕੇ ਨਾ ਯਕੀਨ ਕਰ ਲਿਆ ਕਰੋ।
ਇਸ ਲਈ ਰੱਖਿਆ ਧਾਗਿਆਂ ਨਾਲ ਨਹੀ,
ਸ਼ਸ਼ਤਰਾਂ ਨਾਲ ਹੁੰਦੀ ਹੈ ।
ਲੇਖਕ : ਬਲਬੀਰ ਸਿੰਘ (ਅਨੰਦਪੁਰ ਸਾਹਿਬ)