ਗੁਰਦੁਆਰਾ ਸਾਹਿਬ ਜਾਣ ਦੀ ਸਹੀ ਮਰਿਆਦਾ ਜਿਸ ਨਾਲ ਗੁਰੂ ਸਾਹਿਬ ਜੀ ਦੀ ਮਿਲੇ ਬਖਸ਼ਿਸ਼
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਕਿ ਅਸੀਂ ਸਾਰੇ ਹੀ ਇਹ ਚਾਹੁੰਦੇ ਹਾਂ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਖੁਸ਼ੀਆਂ ਲੈ ਸਕੀਏ। ਅਤੇ ਉਨਾਂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਜਿਸ ਲਈ ਅਸੀਂ ਬਹੁਤ ਉਪਰਾਲੇ ਵੀ ਕਰਦੇ ਹਾਂ, ਜਿਵੇਂ ਕਿ ਕਿਸੇ ਦੀ ਮਦਦ ਕਰਨਾ ਜਾਂ ਗੁਰਬਾਣੀ ਪੜਨਾ ਅਤੇ ਵਿਚਾਰਨਾ।
ਪਰ ਜਾਣੇ ਅਣਜਾਣੇ ਸਾਡੇ ਤੋਂ ਕੁਝ ਅਜਿਹੀਆਂ ਤਰੁਟੀਆਂ ਰਹਿ ਜਾਂਦੀਆਂ ਹਨ। ਜਿਸ ਕਰਕੇ ਗੁਰੂ ਸਾਹਿਬ ਸਾਡੇ ਉੱਤੇ ਮਿਹਰਬਾਨ ਨਹੀਂ ਹੁੰਦੇ, ਜਿਵੇਂ ਕਿ ਅਸੀਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਜਾਣੇ ਅਣਜਾਣੇ ਗੁਰੂ ਸਾਹਿਬ ਜੀ ਦਾ ਸਤਿਕਾਰ ਨਹੀਂ ਕਰ ਪਾਂਦੇ ਜਾਂ ਸਾਨੂੰ ਇਸ ਬਾਰੇ ਪੂਰਾ ਗਿਆਨ ਹੀ ਨਹੀਂ ਹੁੰਦਾ, ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਜਾਈਏ ਕਿ ਗੁਰੂ ਸਾਹਿਬ ਜੀ ਦਾ ਨਿਰਾਦਰ ਨਾ ਹੋਵੇ, ਤਾਂ ਆਓ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਜਾਈਏ ਕਿ ਗੁਰੂ ਸਾਹਿਬ ਜੀ ਦੀ ਮਿਹਰ ਸਾਡੇ ਉੱਤੇ ਬਣੇ ਅਤੇ ਗੁਰੂ ਸਾਹਿਬ ਮਿਹਰ ਭਰਿਆ ਹੱਥ ਸਾਡੇ ਉੱਤੇ ਰੱਖਣ ਅਤੇ ਸਾਡੇ ਤੋਂ ਖੁਸ਼ ਹੋਣ।
ਕੱਪੜੇ:
ਸਾਧ ਸੰਗਤ ਜੀਓ ਜਿਵੇਂ ਸੰਸਾਰ ਵਿੱਚ ਵਿਚਰਦਿਆਂ ਇਨਸਾਨ ਆਪਣੇ ਅਫਸਰ ਦੇ ਸਾਹਮਣੇ ਪੇਸ਼ ਹੋਣ ਲੱਗਿਆਂ ਵਧੀਆ ਤੋਂ ਵਧੀਆ ਕੱਪੜੇ ਪਾ ਕੇ ਹੀ ਪੇਸ਼ ਹੁੰਦਾ ਹੈ, ਤਾਂ ਕਿ ਉਸ ਅਫਸਰ ਦੇ ਅੱਗੇ ਉਸ ਦਾ ਚੰਗਾ ਪ੍ਰਭਾਵ ਪੈ ਸਕੇ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਹੋਵੇ ਤਾਂ ਵੀ ਸੋਹਣੇ ਬਸਤਰ-ਕੱਪੜੇ ਪਹਿਣ ਕੇ ਹੀ ਰਿਸ਼ਤੇਦਾਰ ਦੇ ਘਰ ਜਾਂਦੇ ਹਾਂ। ਪਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੋਵੇ ਤਾਂ ਅਸੀਂ ਘਰ ਦੇ ਰਾਤ ਸੋਣ ਵਾਲੇ ਕੱਪੜੇ (ਨਾਈਟ ਸੂਟ) ਹੀ ਪਹਿਨ ਕੇ ਚਲੇ ਜਾਂਦੇ ਹਾਂ ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ।
ਜਿਵੇਂ ਕਿ ਅਸੀਂ ਦੁਨਿਆਵੀ ਅਫਸਰ ਜਾਂ ਰਿਸ਼ਤੇਦਾਰ ਦੇ ਸਾਹਮਣੇ ਚੰਗੇ ਕੱਪੜੇ ਪਹਿਣ ਕੇ ਜਾਨੇ ਹਾਂ, ਉਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਪੂਰੀ ਦੀਨ ਦੁਨੀਆ ਦੇ ਮਾਲਕ ਹਨ, ਇਸ ਸ੍ਰਿਸ਼ਟੀ ਦੇ ਰਚਨਹਾਰ ਹਨ, ਸਭ ਤੋਂ ਵੱਡੇ ਅਫਸਰ ਭਾਵ ਗੁਰੂ ਸਾਹਿਬ ਅੱਗੇ ਅਸੀ ਸੋਹਣੇ ਪਰ ਸਾਦੇ ਕੱਪੜੇ ਜੋ ਸਾਡੇ ਸਾਰੇ ਸਰੀਰ ਨੂੰ ਢੱਕਣ, ਪਾ ਕੇ ਜਾਣੇ ਚਾਹੀਦੇ ਹਨ।
ਨੋਟ: ਗੁਰਦੁਆਰਾ ਸਾਹਿਬ ਸਾਨੂੰ ਟੋਪੀ, ਨਿੱਕਰ, ਕੈਪਰੀ ਅਤੇ ਛੋਟੇ ਕੱਪੜੇ ਆਦਿ ਪਹਿਨ ਕੇ ਨਹੀਂ ਜਾਣੇ ਚਾਹੀਦੇ।
ਸਾਨੂੰ ਉਹ ਕੱਪੜੇ ਗੁਰਦੁਆਰਾ ਸਾਹਿਬ ਅੰਦਰ ਪਾ ਕੇ ਜਾਣੇ ਚਾਹੀਦੇ ਹਨ ਜਿਸ ਨਾਲ ਸਾਨੂੰ ਗੁਰਦੁਆਰੇ ਅੰਦਰ ਉੱਠਣ ਬੈਠਣ ਵਿਚ ਮੁਸ਼ਕਿਲ ਨਾ ਹੋਵੇ, ਸਾਡੇ ਸਰੀਰ ਦੇ ਅੰਗ ਵੀ ਢਕੇ ਹੋਣ, ਅਤੇ ਉਹ ਕੱਪੜੇ ਗੁਰੂ ਜੀ ਨੂੰ ਅਤੇ ਸੰਗਤ ਨੂੰ ਵੀ ਚੰਗੇ ਲੱਗਣ ਉਹੀ ਕੱਪੜੇ ਪਾ ਕੇ ਜਾਣੇ ਚਾਹੀਦੇ ਹਨ।
ਜਿਵੇਂ ਕਿ ਹਰ ਸਕੂਲ ਦੀ ਆਪਣੀ ਇੱਕ ਵਰਦੀ ਹੁੰਦੀ ਹੈ ਉਸੇ ਤਰ੍ਹਾਂ ਹੀ ਸਿੱਖ ਆਦਮੀ ਕੁਰਤਾ ਪਜਾਮਾ ਅਤੇ ਔਰਤਾਂ ਕਮੀਜ਼ ਸਲਵਾਰ ਵਿੱਚ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਉਣ ਤਾਂ ਬਹੁਤ ਚੰਗਾ ਲੱਗਦਾ ਹੈ।
ਸਿੱਖ ਦੀ ਵਰਦੀ ਪੰਜ ਕਕਾਰ ਹਨ, ਜੇਕਰ ਇੱਕ ਸਿੱਖ ਪੰਜ ਕਕਾਰ ਧਾਰਨ ਕਰਕੇ ਸਾਬਤ ਸੂਰਤ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਉਂਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀ ਪ੍ਰਸੰਨ ਹੁੰਦੇ ਹਨ ਅਤੇ ਆਪਣੇ ਸਿੱਖ ਨੂੰ ਬਹੁਤ ਹੀ ਅਸੀਸਾਂ ਦਿੰਦੇ ਹਨ।
ਜੋੜੇ ਅਤੇ ਜੁਰਾਬਾਂ ਉਤਾਰਨਾ:
ਨੋਟ: ਗੁਰਦੁਆਰਾ ਸਾਹਿਬ ਜਾਂ ਕੀਰਤਨ ਹਾਲ ਵਿੱਚ ਜਰਾਬਾਂ ਪਾ ਕੇ ਜਾਣਾ ਮਨਮੱਤ ਹੈ।
ਜਦੋਂ ਅਸੀਂ ਗੁਰਦੁਆਰਾ ਸਾਹਿਬ ਪਹੁੰਚਦੇ ਹਾਂ ਤਾਂ ਅਸੀਂ ਆਪਣੇ ਜੋੜੇ, ਜੋੜੇ ਖਾਨੇ ਵਿੱਚ ਰੱਖਦੇ ਹਾਂ। ਪਰ ਕੁਝ ਮੇਰੇ ਵੀਰ ਅਤੇ ਭੈਣਾਂ ਜਰਾਬਾਂ ਨਹੀਂ ਉਤਾਰਦੇ ਅਤੇ ਜਰਾਬਾਂ ਨਾਲ ਹੀ ਗੁਰਦੁਆਰੇ ਅੰਦਰ ਮੱਥਾ ਟੇਕਣ ਚਲੇ ਜਾਂਦੇ ਹਨ। ਜੋ ਕਿ ਰਹਿਤ ਮਰਿਆਦਾ ਦੇ ਉਲਟ ਹੈ ਅਤੇ ਵਰਜਿਤ ਹੈ।
ਜਦੋਂ ਅਸੀਂ ਜਰਾਬਾਂ ਪਾ ਕੇ ਗੁਰਦੁਆਰਾ ਸਾਹਿਬ ਅੰਦਰ ਬੈਠਦੇ ਹਾਂ ਤਾਂ ਜਰਾਬਾਂ ਵਿੱਚੋਂ ਜੋ ਬਦਬੂ ਆਉਂਦੀ ਹੈ ਉਸ ਨਾਲ ਕਿਸੇ ਵੀ ਸਿੱਖ ਦਾ ਧਿਆਨ ਗੁਰੂ ਵੱਲੋਂ ਟੁੱਟ ਕੇ ਜਰਾਬਾਂ ਦੀ ਬਦਬੂ ਵੱਲ ਜਾ ਸਕਦਾ ਹੈ ਜਿਸ ਨਾਲ ਸਾਨੂੰ ਗੁਰੂ ਦੀ ਖੁਸ਼ੀ ਨਹੀਂ ਮਿਲਦੀ, ਤੇ ਸੰਗਤ ਨੂੰ ਵੀ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਸਾਨੂੰ ਹਮੇਸ਼ਾ ਜੋੜੇ ਨਾਲ ਜਰਾਬਾਂ ਉਤਾਰ ਕੇ ਅਤੇ ਪੈਰ ਧੋ ਕੇ ਹੀ ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣਾ ਚਾਹੀਦਾ ਹੈ।
ਨੋਟ: ਬਹੁਤ ਛੋਟੇ ਬੱਚਿਆਂ ਜਾਂ ਗੋਦ ਚੱਕੇ ਬੱਚਿਆਂ ਦੀਆਂ ਜਰਾਬਾਂ ਲਈ ਵਹਿਮ ਨਹੀਂ ਕਰਨਾ, ਉਹਨਾਂ ਨੂੰ ਜੁਰਾਬਾਂ ਪੁਆ ਕੇ ਗੁਰਦੁਆਰਾ ਸਾਹਿਬ ਅੰਦਰ ਲਿਜਾ ਸਕਦੇ ਹਾਂ।
ਪੈਰ ਧੋਣਾ:
ਸਾਧ ਸੰਗਤ ਜੀ ਜਦੋਂ ਅਸੀਂ ਜੋੜੇ ਅਤੇ ਜਰਾਬਾਂ ਉਤਾਰਦੇ ਹਾਂ ਤਾਂ ਕਈ ਵਾਰੀ ਅਸੀਂ ਜੋੜੇ ਅਤੇ ਜਰਾਬਾਂ ਲੰਬੇ ਸਮੇਂ ਤੋਂ ਪਾਏ ਹੁੰਦੇ ਹਨ। ਜਿਸ ਨਾਲ ਉਨਾਂ ਦੀ ਬਦਬੂ ਸਾਡੇ ਪੈਰਾਂ ਵਿੱਚੋਂ ਆਉਂਦੀ ਰਹਿੰਦੀ ਹੈ, ਤਾਂ ਇਸ ਲਈ ਸਾਨੂੰ ਹਮੇਸ਼ਾ ਹੀ ਪੈਰ ਧੋ ਕੇ ਹੀ ਗੁਰਦੁਆਰੇ ਅੰਦਰ ਜਾਣਾ ਚਾਹੀਦਾ ਹੈ।
ਨੋਟ: ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਗੁਰਦੁਆਰਾ ਸਾਹਿਬ ਜਾਣ ਸਮੇਂ ਜਿੱਥੇ ਪੈਰ ਧੋਣ ਲਈ ਥਾਂ ਬਣੀ ਹੁੰਦੀ ਹੈ ਉਥੋਂ ਜਲ ਦੀ ਚੁਲੀ ਭਰ ਕੇ ਛਕਦੇ ਹਨ, ਪਰ ਇਹ ਮਨਮਤ ਹੈ। ਸਾਨੂੰ ਇਥੋਂ ਜਲ ਲੈ ਕੇ ਨਹੀਂ ਛਕਣਾ ਚਾਹੀਦਾ ਜੀ।
ਮੋਬਾਈਲ ਫੋਨ:
ਜਿਵੇਂ ਕਿ ਅੱਜ ਮੋਬਾਈਲ ਫੋਨ ਸਾਡੀ ਜਰੂਰਤ ਹੀ ਨਹੀਂ ਸਾਡੀ ਮਜਬੂਰੀ ਬਣ ਚੁੱਕਾ ਹੈ। ਅੱਜ ਹਰ ਕੰਮ ਮੋਬਾਈਲ ਤੋਂ ਬਿਨਾਂ ਮੁਸ਼ਕਿਲ ਲੱਗਦਾ ਹੈ। ਮੋਬਾਈਲ ਤੇ ਹੀ ਅੱਜ ਘਰ ਬੈਠੇ ਹੀ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ। ਮੋਬਾਈਲ ਤੋਂ ਬਿਨਾਂ ਅੱਜ ਸਾਡੀ ਜ਼ਿੰਦਗੀ ਅਧੂਰੀ ਜਿਹੀ ਹੀ ਲੱਗਦੀ ਹੈ।
ਜਿਆਦਾਤਰ ਦੇਖਿਆ ਗਿਆ ਹੈ ਕਿ ਜਦੋਂ ਅਸੀਂ ਕਿਸੇ ਮੀਟਿੰਗ ਵਿੱਚ ਜਾਣਾ ਹੋਵੇ ਜਾਂ ਸੰਸਾਰਿਕ ਅਫਸਰ ਅੱਗੇ ਪੇਸ਼ ਹੋਣਾ ਹੋਵੇ ਤਾਂ ਆਪਣਾ ਮੋਬਾਈਲ ਫੋਨ ਯਾਦ ਨਾਲ ਸਾਈਲੈਂਟ ਮੋਡ ਜਾਂ ਫੋਨ ਦੀ ਰਿੰਗਟੋਨ ਬੰਦ ਕਰ ਦਿੰਦੇ ਹਾਂ। ਜਾਂ ਕਈ ਵਾਰ ਫੋਨ ਨੂੰ ਹੀ ਬੰਦ ਕਰ ਦਿੰਦੇ ਹਾਂ।
ਪਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਕਦੇ ਵੀ ਫੋਨ ਨੂੰ ਬੰਦ ਜਾਂ ਸਾਈਲੈਂਟ ਮੋਡ ਤੇ ਨਹੀਂ ਲਗਾਉਂਦੇ, ਜਿਸ ਨਾਲ ਬਾਰ ਬਾਰ ਫੋਨ ਵੱਜਣ ਤੇ ਸੰਗਤ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਅਤੇ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਵੀ ਨਹੀਂ ਹੁੰਦਾ, ਇਸ ਤੋਂ ਭਾਵ ਇਹ ਨਿਕਲਦਾ ਹੈ ਕਿ ਅਸੀਂ ਗੁਰੂ ਸਾਹਿਬ ਨਾਲੋਂ ਮੋਬਾਈਲ ਫੋਨ ਨੂੰ ਮਹੱਤਵ ਦਿੰਦੇ ਹਾਂ।
ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਨਵੀਂ ਆਦਤ ਬਣਾਈਏ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਅੰਦਰ ਜਾਣਾ ਹੋਵੇ ਤਾਂ ਯਾਦ ਨਾਲ ਮੋਬਾਈਲ ਫੋਨ ਨੂੰ ਬੰਦ ਜਾਂ ਰਿੰਗਟੋਨ ਬੰਦ ਕਰ ਦਈਏ। ਜਿਸ ਨਾਲ ਅਸੀਂ ਗੁਰੂ ਸਾਹਿਬ ਜੀ ਦਾ ਸਤਿਕਾਰ ਰੱਖ ਸਕੀਏ।
ਮੱਥਾ ਟੇਕਣਾ:
ਸਾਧ ਸੰਗਤ ਜੀਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ ਤਾਂ ਅਦਬ ਨਾਲ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜ ਕੇ ਅਗਰ ਤੁਸੀਂ ਅਰਦਾਸ ਕਰਨੀ ਚਾਹੁੰਦੇ ਹੋ ਤਾਂ ਅਰਦਾਸ ਕਰਕੇ ਅਤੇ ਅਗਰ ਤੁਸੀਂ ਕੁਝ ਮਾਇਆ ਭੇਟਾ ਰੱਖਣੀ ਚਾਹੁੰਦੇ ਹੋ ਤਾਂ ਅਦਬ ਨਾਲ ਅਤੇ ਪਿਆਰ ਨਾਲ ਗੋਲਕ ਵਿੱਚ ਪਾਓ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਣਾ ਹੈ।
ਕੁਝ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਲੱਗਿਆਂ ਲੰਬੇ ਲੇਟਣਾ ਜਾਂ ਡੰਡੋਤ ਕੱਢਣਾ ਆਦਿ ਕਰਦੇ ਹਨ ਪਰ ਇਹ ਮਨਮਤ ਹੈ, ਇੰਝ ਨਹੀਂ ਕਰਨਾ ਜੀ।
ਅਸਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ:
ਅੱਜ ਅਸੀਂ ਗੁਰਦੁਆਰਾ ਸਾਹਿਬ ਆਕੇ ਮੱਥਾ ਟੇਕ ਕੇ ਅਤੇ ਕੜਾਹ ਪ੍ਰਸ਼ਾਦ ਛੱਕ ਕੇ ਘਰ ਜਾਣ ਨੂੰ ਹੀ ਗੁਰੂ ਸਾਹਿਬ ਦੇ ਜਾਂ ਗੁਰਦੁਆਰੇ ਦੇ ਦਰਸ਼ਨ ਮਨ ਲਿਆ ਹੈ।
ਪਰ ਅਸਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸੁਣਨਾ ਜਾਂ ਪੜਨਾ ਅਤੇ ਕੁਝ ਸਮਾਂ ਗੁਰਦੁਆਰਾ ਸਾਹਿਬ ਬੈਠ ਕੇ ਕੀਰਤਨ ਜਾਂ ਕਥਾ ਸੁਣਨਾ ਅਤੇ ਵਿਚਾਰਨਾ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਾਂ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਮੰਨਿਆ ਜਾਂਦਾ ਹੈ।
ਜੋ ਸਿੱਖ ਆਪ ਹੁਕਮਨਾਮਾ ਲੈ ਸਕਦਾ ਹੈ ਉਹ ਗੁਰਦੁਆਰੇ ਆ ਕੇ ਆਪ ਪੂਰਨ ਮਰਿਆਦਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਜਰੂਰ ਲਵੇ ਜੀ।
ਗੁਰਦੁਆਰੇ ਬੈਠਣਾ ਤੇ ਕੀਰਤਨ ਸੁਣਨਾ:
ਗੁਰਦੁਆਰਾ ਸਾਹਿਬ ਆ ਕੇ ਸਾਨੂੰ ਕਥਾ ਜਾਂ ਕੀਰਤਨ ਸੁਣਨਾ, ਪਾਠ ਜਾਂ ਨਿਤਨੇਮ ਕਰਨਾ ਚਾਹੀਦਾ ਹੈ ਇਸ ਨਾਲ ਹੀ ਸਾਡੀ ਹਾਜ਼ਰੀ ਗੁਰਦੁਆਰਾ ਸਾਹਿਬ ਪ੍ਰਵਾਨ ਹੁੰਦੀ ਹੈ।
ਗੁਰਦੁਆਰਾ ਸਾਹਿਬ ਅੰਦਰ ਜੋ ਕੀਰਤਨ ਜਾਂ ਕਥਾ ਹੋ ਰਿਹਾ ਹੋਵੇ ਉਸ ਨੂੰ ਚੰਗੀ ਤਰ੍ਹਾਂ ਸੁਣਨਾ, ਤੇ ਵਿਚਾਰਨਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚ ਧਾਰਨਾ ਚਾਹੀਦਾ ਹੈ।
ਸੇਵਾ:
ਸੇਵਾ ਦਾ ਮਹੱਤਵ ਸਿੱਖ ਧਰਮ ਵਿੱਚ ਬਹੁਤ ਜਿਆਦਾ ਹੈ। ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਨੇ ਵੀ ਹੱਥੀ ਸੇਵਾ ਕੀਤੀ ਅਤੇ ਇਸ ਦਾ ਮਹੱਤਵ ਸਾਨੂੰ ਦੱਸਿਆ ਹੈ। ਗੁਰਦੁਆਰਾ ਸਾਹਿਬ ਆਕੇ ਸਾਨੂੰ ਆਪ ਹੱਥੀ ਸੇਵਾ ਵੀ ਕਰਨੀ ਚਾਹੀਦੀ ਹੈ। ਇਸ ਨਾਲ ਸਾਡੇ ਜੀਵਨ ਵਿੱਚ ਨਿਮਰਤਾ ਆਉਂਦੀ ਹੈ, ਮਨ ਸਾਫ ਹੁੰਦਾ ਹੈ, ਅਤੇ ਸਾਡੇ ਪਾਪ ਧੋਤੇ ਜਾਂਦੇ ਹਨ ਅਤੇ ਸਰੀਰਕ ਰੋਗ ਵੀ ਦੂਰ ਹੁੰਦੇ ਹਨ ।
ਗੁਰਦੁਆਰੇ ਅੰਦਰ ਵਰਜਿਤ/ਮਨਾਹੀ:
- ਗੁਰਦੁਆਰਾ ਮਤਲਬ ਗੁਰੂ ਦਾ ਦੁਆਰ ਜਾਂ ਘਰ ਤੋਂ ਹੈ ਜੋ ਕਿ ਸਿੱਖਾਂ ਲਈ ਇੱਕ ਬਹੁਤ ਹੀ ਪਵਿੱਤਰ ਅਸਥਾਨ ਜਿੱਥੇ ਗੁਰੂ ਸਾਹਿਬ ਆਪ ਹਾਜਰ ਨਾਜਰ ਹੁੰਦੇ ਹਨ ਇਸ ਜਗਾ ਤੇ ਸਾਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ, ਨਸ਼ੀਲੀ ਵਸਤੂ, ਸ਼ਰਾਬ, ਤੰਬਾਕੂ, ਬੀੜੀ ਆਦਿ ਵਰਜਿਤ/ ਬਿਲਕੁਲ ਮਨਾਹੀ ਹੈ।
- ਗੁਰਦੁਆਰੇ ਸਾਨੂੰ ਕਦੀ ਵੀ ਉੱਚੀ ਆਵਾਜ਼ ਵਿੱਚ ਗੱਲਾਂ ਕਰਨੀਆਂ, ਜਾਂ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ, ਜਿਸ ਨਾਲ ਕੇ ਸੰਗਤ ਦਾ ਧਿਆਨ ਗੁਰੂ ਸਾਹਿਬ ਤੋਂ ਟੁੱਟੇ ਜਾਂ ਪਰੇਸ਼ਾਨੀ ਹੋਵੇ।
ਨੋਟ: ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਆਪ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਨਾਂ ਨੂੰ ਵੀ ਇਸ ਤੋਂ ਲਾਭ ਹੋਵੇ ਤੇ ਤੁਹਾਨੂੰ ਵੀ ਗੁਰੂ ਜੀ ਦੀਆਂ ਖੁਸ਼ੀਆਂ ਮਿਲਣ ਜੀ।
ਅਤੇ ਇਸ ਪੋਸਟ ਨੂੰ ਲਿਖਣ ਵਿੱਚ ਦਾਸ ਵੱਲੋਂ ਜੋ ਵੀ ਤਰੁਟੀਆਂ ਜਾਂ ਗਲਤੀਆਂ ਰਹਿ ਗਈਆਂ ਹਨ, ਤਾਂ ਤੁਸੀਂ ਜਰੂਰ ਸੁਝਾਓ ਦੇਓ ਤਾਂ ਜੋ ਇਸ ਪੋਸਟ ਨੂੰ ਹੋਰ ਵੀ ਬਿਹਤਰ ਕੀਤਾ ਜਾਵੇ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨੋਟ
ਪੋਸਟ ਲਿਖਦਿਆਂ ਅਗਰ ਦਾਸ ਵੱਲੋਂ ਕੁਝ ਗਲਤੀਆਂ ਹੋ ਗਈਆਂ ਹਨ, ਤਾਂ ਦਾਸ ਖਿਮਾ ਦਾ ਜਾਚਕ ਹੈ। ਅਤੇ ਆਪ ਗਲਤੀਆਂ ਵੀ ਦੱਸੋ ਜੀ, ਅਤੇ ਪੋਸਟ ਦਾ ਵੀ ਸੁਜਾਦ ਦਿਓ ਜੀ, ਕਿ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਅਤੇ ਪੋਸਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ ਜੀ ਅਤੇ ਹੋਰ ਕਿਸ ਵਿਸ਼ੇ ਤੇ ਸਾਨੂੰ ਲਿਖਣਾ ਚਾਹੀਦਾ ਹੈ, ਇਹ ਵੀ ਜਰੂਰ ਦੱਸੋ ਜੀ। ਧੰਨਵਾਦ ਜੀ।