ਕੀ ਗੁਰੂ ਸਾਹਿਬ ਪਸੰਦ ਕਰਦੇ ਹਨ ਕਿ ਉਨ੍ਹਾਂ ਦਾ ਸਿੱਖ ਡੋਰੀ, ਦਾਗਾ ਜਾਂ ਤਵੀਤ ਪਹਿਨੇ | Is Guru Sahib Likes That His Sikh Wear A Dori, Daaga or Tavit
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਆਓ ਗੱਲ ਕਰੀਏ ਕਿ ਧਾਗੇ ਤਵੀਤ ਗੁਰੂ ਜੀ ਨੂੰ ਚੰਗੇ ਲੱਗਦੇ ਹਨ ਜਾਂ ਨਹੀਂ
ਸਾਧ ਸੰਗਤ ਜੀਓ ਦੇਖਣ ਵਿੱਚ ਆਉਂਦਾ ਹੈ ਕਿ ਪੁਰਾਤਨ ਸਿੱਖਾਂ ਦੇ ਘਰ ਭਾਵੇਂ ਕੱਚੇ ਸਨ ਪਰ ਉਹ ਸਿੱਖੀ ਵਿੱਚ ਬਹੁਤ ਪੱਕੇ ਸਨ। ਪੁਰਾਤਨ ਸਿੱਖ ਸਿੱਖੀ ਸਿਧਾਂਤਾਂ, ਰਹਿਤ ਮਰਿਆਦਾ ਅਤੇ ਗੁਰੂ ਦੀਆਂ ਸਿੱਖਿਆਵਾਂ ਤੇ ਪੂਰੀ ਤਰ੍ਹਾਂ ਪਹਿਰਾ ਦਿੰਦੇ ਸਨ ਤੇ ਇਨਾ ਸਿਧਾਂਤਾਂ ਮੁਤਾਬਕ ਹੀ ਆਪਣਾ ਜੀਵਨ ਬਤੀਤ ਕਰਦੇ ਸਨ, ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ।
ਆਪਣੇ ਜੀਵਨ ਵਿੱਚ ਵਹਿਮ-ਭਰਮ, ਜਾਤ-ਪਾਤ, ਊਚ-ਨੀਚ, ਅਤੇ ਭੇਦ ਭਾਵ ਤੋਂ ਬਹੁਤ ਦੂਰ ਰਹਿੰਦੇ ਸਨ ਤੇ ਗੁਰੂ ਸਾਹਿਬ ਜੀ ਦੇ ਕਹੇ ਮੁਤਾਬਿਕ ਆਪਣੇ ਜੀਵਨ ਨੂੰ ਬਤੀਤ ਕਰਦੇ ਸਨ।
ਪਰ ਅੱਜ ਕੱਲ ਦੇ ਸਿੱਖਾਂ ਦੇ ਘਰ ਤਾਂ ਪੱਕੇ ਹੋ ਗਏ ਹਨ, ਪਰ ਕਿਤੇ ਨਾ ਕਿਤੇ ਬਹੁਤ ਸਾਰੇ ਸਿੱਖ ਸਿੱਖੀ ਤੋਂ ਕੱਚੇ ਭਾਵ ਬੇਮੁਖ ਹੁੰਦੇ ਜਾ ਰਹੇ ਹਨ।
ਇਸ ਦਾ ਸਭ ਤੋਂ ਵੱਡਾ ਕਾਰਨ ਸਿੱਖੀ ਸਿਧਾਂਤਾਂ ਅਤੇ ਰਹਿਤ ਮਰਿਆਦਾ ਦੀ ਅਗਿਆਨਤਾ ਹੈ। ਅੱਜ ਦੀ ਨਵੀਂ ਪੀੜੀ ਨੂੰ ਆਪਣੇ ਉਸ ਵਡਮੁੱਲੇ ਇਤਿਹਾਸ ਬਾਰੇ ਹੀ ਨਹੀਂ ਪਤਾ ਉਹ ਆਪਣੇ ਇਤਿਹਾਸ ਤੋਂ ਜਾਣੂ ਹੀ ਨਹੀਂ ਹਨ।
ਆਪਣੀ ਨਵੀਂ ਪੀੜੀ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਨਾ ਕਰਾਉਣਾ ਅਤੇ ਸਿੱਖੀ ਦਾ ਪ੍ਰਚਾਰ ਨਾ ਹੋਣ ਦਾ ਦੋਸ਼ ਅਸੀਂ ਆਪਣੀਆਂ ਸੰਸਥਾਵਾਂ ਨੂੰ ਦਿੰਦੇ ਹਾਂ, ਪਰ ਮੈਂ ਸਮਝਦਾ ਹਾਂ ਕਿ ਸਿੱਖੀ ਦਾ ਪ੍ਰਚਾਰ ਨਾ ਹੋਣ ਵਿੱਚ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਦੋਸ਼ੀ ਹਾਂ। ਕਿਉਂਕਿ ਗੁਰੂ ਸਾਹਿਬ ਨੇ ਸਿੱਖ ਨੂੰ ਜਿੱਥੇ ਸੰਤ ਅਤੇ ਸਿਪਾਹੀ ਬਣਾਇਆ ਹੈ ਉਥੇ ਉਸ ਨੂੰ ਪ੍ਰਚਾਰਕ ਵੀ ਬਣਾਇਆ ਹੈ।
ਸਿੱਖੀ ਦਾ ਪ੍ਰਚਾਰ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਅਤੇ ਆਪਣੇ ਪਰਿਵਾਰ ਤੋਂ ਸ਼ੁਰੂ ਕਰਨਾ ਸੀ ਤੇ ਫਿਰ ਪੂਰੀ ਦੁਨੀਆ ਵਿੱਚ ਕਰਨਾ ਸੀ। ਪਰ ਅੱਜ ਅਸੀਂ ਆਪਣੀਆਂ ਸੰਸਥਾਵਾਂ ਨੂੰ ਹੀ ਦੇਖਦੇ ਰਹੇ ਅਤੇ ਅਸੀਂ ਆਪਣੇ ਘਰ ਹੀ ਸਿੱਖੀ ਦਾ ਪ੍ਰਚਾਰ ਨਾ ਕਰ ਸਕੇ, ਤੇ ਸਮਾਂ ਸਾਡੇ ਹੱਥੋਂ ਜਾਂਦਾ ਰਿਹਾ ਜਿਸ ਦਾ ਨਤੀਜਾ ਅੱਜ ਸਾਡੀ ਨਵੀਂ ਪੀੜੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ।
ਤੁਸੀਂ ਕਿਸ ਨੂੰ ਪਿਆਰ ਕਰਦੇ ਹੋ ਗੁਰੂ ਨਾਨਕ ਦੇਵ ਜੀ ਨੂੰ ਜਾਂ ਪੰਡਿਤਾਂ ਨੂੰ?
ਸਾਧ ਸੰਗਤ ਜੀਓ ਅੱਜ ਆਮ ਤੌਰ ਤੇ ਪੰਜਾਬ ਵਿੱਚ ਸਾਡੇ ਸਿੱਖਾਂ ਵਿੱਚ ਇੱਕ ਨਵਾਂ ਹੀ ਟਰੈਂਡ ਦੇਖਣ ਨੂੰ ਆ ਰਿਹਾ ਹੈ ਕੀ ਅੱਜ ਬਹੁਤ ਸਾਰੇ ਸਿੱਖ ਭੈਣਾਂ ਅਤੇ ਭਰਾ ਕਾਲਾ ਧਾਗਾ ਜਾਂ ਤਵੀਤ ਆਪਣੀ ਇੱਕ ਲੱਤ, ਪੈਰ, ਗੁੱਟ, ਜਾਂ ਬਾਂਹ ਤੇ ਬੰਨ ਕੇ ਰੱਖਦੇ ਹਨ।
ਅਤੇ ਇਹ ਸਮਝਦੇ ਹਨ ਕਿ ਇਸ ਨਾਲ ਉਹਨਾਂ ਨੂੰ ਨਜ਼ਰ ਨਹੀਂ ਲੱਗੇਗੀ ਜਾਂ ਇਹ ਧਾਗਾ ਜਾਂ ਤਵੀਤ ਉਹਨਾਂ ਦੀ ਰੱਖਿਆ ਕਰੇਗਾ ਜਾਂ ਸਾਰੇ ਕੰਮ ਸਾਕਾਰ ਹੋਣਗੇ।
ਸਾਧ ਸੰਗਤ ਜੀਓ ਇਹ ਧਾਗੇ, ਤਵੀਤ ਵੀ ਤਾਂ ਇੱਕ ਧਾਗੇ ਤੋਂ ਹੀ ਬਣੇ ਹਨ, ਤੇ ਤੁਸੀਂ ਤਾਂ ਫਿਰ ਕੱਪੜੇ ਰੂਪ ਵਿੱਚ ਬਹੁਤ ਸਾਰੇ ਧਾਗੇ ਪਹਿਲਾਂ ਹੀ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ, ਇਸ ਤਰ੍ਹਾਂ ਤਾਂ ਤੁਹਾਡੇ ਕੱਪੜੇ ਇਹਨਾ ਧਾਗੇ ਤਵੀਤਾਂ ਤੋਂ ਬਹੁਤ ਜਿਆਦਾ ਤਾਕਤਵਰ ਹੋਏ।
ਸਾਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਸਾਰੇ ਵਹਿਮਾਂ ਭਰਮਾਂ ਤੋਂ ਬਾਹਰ ਕੱਢਿਆ ਸੀ ਪਰ ਅੱਜ ਅਸੀਂ ਆਪ ਹੀ ਇਨਾ ਵਹਿਮਾਂ ਭਰਮਾਂ ਵਿੱਚ ਫਸ ਕੇ ਪੰਡਤਾਂ ਦੇ ਗੁਲਾਮ ਬਣ ਗਏ ਹਾਂ।
ਗੁਰੂ ਨਾਨਕ ਦੇਵ ਜੀ ਨੇ ਤਾਂ ਛੋਟੇ ਹੁੰਦਿਆਂ ਪੰਡਿਤ ਹਰਦਿਆਲ ਤੋ ਜਨੇਉ ਧਾਰਨ (ਕਾਲਾ ਧਾਗਾ) ਕਰਨ ਤੋਂ ਸਾਫ ਮਨਾ ਕਰ ਦਿੱਤਾ ਸੀ, ਅਤੇ ਸਾਨੂੰ ਸਮਝਾਇਆ ਸੀ ਕਿ ਇਹਨਾਂ ਵਹਿਮਾਂ-ਭਰਮਾਂ, ਅਤੇ ਫੋਕੇ ਕਰਮਕਾਂਡਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਗੁਰੂ ਸਾਹਿਬ ਜੀ ਦਾ ਫੁਰਮਾਨ ਹੈ:
ਸਲੋਕੁ ਮਃ ੧ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵੁਟ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਮਿਹਰਬਾਨੀ ਨੂੰ ਕਪਾਸ, ਸੰਤੁਸ਼ਟਤਾ ਨੂੰ ਧਾਗਾ, ਪ੍ਰਹੇਜ਼ਗਾਰੀ ਨੂੰ ਗੱਠ ਅਤੇ ਸੱਚ ਨੂੰ ਮਰੋੜਾ ਬਣਾ। ਇਹ ਹੈ ਜੰਝੂ ਆਤਮਾ ਦਾ। ਜੇ ਤੇਰੇ ਕੋਲ ਇਹ ਹੈ, ਹੇ ਬ੍ਰਾਹਮਣ! ਤਦ, ਮੈਨੂੰ ਇਹ ਪਾ ਦੇ। ਇਹ ਟੁੱਟਦਾ ਨਹੀਂ, ਨਾਂ ਹੀ ਇਸ ਨੂੰ ਮੈਲ ਚਿਮੜਦੀ ਹੈ। ਇਹ ਨਾਂ ਸੜਦਾ ਹੈ, ਤੇ ਨਾਂ ਹੀ ਗਵਾਚਦਾ ਹੈ। ਮੁਬਾਰਕ ਹਨ ਉਹ ਪ੍ਰਾਣੀ, ਹੇ ਨਾਨਕ! ਜੋ ਐਹੋ ਜੇਹਾ ਜਨੇਊ ਆਪਣੀ ਗਰਦਨ ਦੁਆਲੇ ਪਾ ਕੇ ਜਾਂਦੇ ਹਨ।
ਮੈਂ ਸਮਝਦਾ ਹਾਂ ਕਿ ਇਸ ਦਾ ਕਾਰਨ ਹੈ ਕਿ ਅੱਜ ਅਸੀਂ ਆਪਣੇ ਗੁਰੁ ਇਤਿਹਾਸ, ਰਹਿਤ ਮਰਿਆਦਾ ਅਤੇ ਸਿਧਾਂਤਾਂ ਨੂੰ ਨਾ ਪੜਨਾ, ਨਾ ਵਿਚਾਰਨਾ, ਤੇ ਨਾ ਹੀ ਇਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ।
ਸੋ ਮੈਂ ਸਮਝਦਾ ਹਾਂ ਕਿ ਜਿਹੜਾ ਸਿੱਖ ਗਲੇ, ਹੱਥਾਂ, ਬਾਵਾਂ ਅਤੇ ਲੱਤਾਂ ਤੇ ਧਾਗੇ ਤਵੀਤ ਬੰਨਦਾ ਹੈ ਉਹ ਗੁਰੂ ਨਾਨਕ ਦੇਵ ਜੀ ਨੂੰ ਦੇ ਸਿਧਾਂਤਾਂ ਨੂੰ ਨਹੀਂ ਮੰਨਦਾ ਅਤੇ ਗੁਰੂ ਨਾਨਕ ਦੇਵ ਜੀ ਤੋ ਮੂੰਹ ਮੋੜ ਕੇ ਅਤੇ ਪਾਸਾ ਵੱਟ ਕੇ ਪੰਡਤਾਂ ਨੂੰ ਪਿਆਰ ਕਰਦਾ ਹੈ ਅਤੇ ਉਹਨਾਂ ਅੱਗੇ ਸੀਸ ਝੁਕਾਉਂਦਾ ਹੈ।
ਸੋ ਅਗਰ ਕਿਸੇ ਸਿੱਖ ਵੀਰ ਭੈਣ ਨੇ ਧਾਗੇ ਤਵੀਤ ਬੰਨੇ ਹੋਏ ਹਨ ਤਾਂ ਉਹ ਇਨਾਂ ਨੂੰ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫੀ ਮੰਗੇ ਅਤੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਚੜਾਵੇ ਅਤੇ ਅੱਗੇ ਤੋਂ ਇਹਨਾਂ ਵਹਿਮਾਂ ਭਰਮਾਂ ਵਿੱਚ ਨਾ ਆਉਣ ਦਾ ਨਿਸ਼ਚਾ ਕਰੇ ਤਾਂ ਇਸ ਨਾਲ ਗੁਰੂ ਸਾਹਿਬ ਜੀ ਜਰੂਰ ਉਸ ਨੂੰ ਮਾਫ ਕਰਕੇ ਆਪਣਾ ਬਖਸ਼ਿਸ਼ ਭਰਿਆ ਹੱਥ ਉਸ ਦੇ ਸਿਰ ਤੇ ਰੱਖਣਗੇ।
ਫਿਰ ਜਦੋਂ ਅਸੀਂ ਸਿੱਖੀ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤਾਂ ਹੀ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਾਂਗੇ।
ਨੋਟ
ਪੋਸਟ ਲਿਖਦਿਆਂ ਅਗਰ ਦਾਸ ਵੱਲੋਂ ਕੁਝ ਗਲਤੀਆਂ ਹੋ ਗਈਆਂ ਹਨ, ਤਾਂ ਦਾਸ ਖਿਮਾ ਦਾ ਜਾਚਕ ਹੈ। ਅਤੇ ਆਪ ਗਲਤੀਆਂ ਵੀ ਦੱਸੋ ਜੀ, ਅਤੇ ਪੋਸਟ ਦਾ ਵੀ ਸੁਜਾਦ ਦਿਓ ਜੀ, ਕਿ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਅਤੇ ਪੋਸਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ ਜੀ ਅਤੇ ਹੋਰ ਕਿਸ ਵਿਸ਼ੇ ਤੇ ਸਾਨੂੰ ਲਿਖਣਾ ਚਾਹੀਦਾ ਹੈ, ਇਹ ਵੀ ਜਰੂਰ ਦੱਸੋ ਜੀ। ਧੰਨਵਾਦ ਜੀ।